Daily Suraj

ਪੰਜਾਬੀ

16ਵੀਂ ਮਰਦਮਸ਼ੁਮਾਰੀ ਲਈ ਕੇਂਦਰ ਵੱਲੋਂ ਅਧਿਕਾਰਿਕ ਐਲਾਨ

16 Jun, 2025 10:30 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ, ਜਿਸ ਵਿਚ ਜਾਤੀ ਜਨਗਣਨਾ ਵੀ ਸ਼ਾਮਲ ਹੋਵੇਗੀ, ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਮਰਦਮਸ਼ੁਮਾਰੀ ਦੋ ਪੜਾਵਾਂ ਵਿਚ ਹੋਵੇਗੀ। ਪਹਿਲਾ ਪੜਾਅ 1 ਅਕਤੂੁਬਰ 2026 ਤੇ ਦੂਜਾ ਪੜਾਅ 1 ਮਾਰਚ 2027 ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮਰਦਮਸ਼ੁਮਾਰੀ ਸਾਲ 2011 ਵਿਚ ਕੀਤੀ ਗਈ ਸੀ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਵਰਗੇ ਬਰਫ਼ ਨਾਲ ਘਿਰੇ ਇਲਾਕਿਆਂ ਵਿੱਚ ਮਰਦਮਸ਼ੁਮਾਰੀ ਦਾ ਅਮਲ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗਾ ਜਦੋਂਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ 1 ਮਾਰਚ, 2027 ਦੀ ਸੰਦਰਭ ਮਿਤੀ ਨਾਲ ਜਨਗਣਨਾ ਕੀਤੀ ਜਾਵੇਗੀ।

ਕਾਬਿਲੇਗੌਰ ਹੈ ਕਿ 2021 ਦੀ ਮਰਦਮਸ਼ੁਮਾਰੀ ਦੋ ਪੜਾਵਾਂ- ਅਪਰੈਲ ਤੋਂ ਸਤੰਬਰ 2020 ਤੱਕ ਘਰਾਂ ਦਾ ਸੂਚੀਕਰਨ ਅਤੇ ਫਰਵਰੀ 2021 ਵਿੱਚ ਆਬਾਦੀ ਦੀ ਗਣਨਾ- ਵਿੱਚ ਯੋਜਨਾਬੱਧ ਕੀਤੀ ਗਈ ਸੀ। ਹਾਲਾਂਕਿ ਮੁਕੰਮਲ ਤਿਆਰੀ ਦੇ ਬਾਵਜੂਦ COVID-19 ਮਹਾਮਾਰੀ ਕਰਕੇ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨਾ ਪਿਆ ਸੀ।

ਨੋਟੀਫਿਕੇਸ਼ਨ ਵਿਚ ਕਿਹਾ ਗਿਆ, ‘‘ਉਕਤ ਜਨਗਣਨਾ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਬਰਫ਼ ਨਾਲ ਜੁੜੇ ਗੈਰ-ਸਮਕਾਲੀ ਖੇਤਰਾਂ ਨੂੰ ਛੱਡ ਕੇ ਸੰਦਰਭ ਮਿਤੀ 1 ਮਾਰਚ, 2027 ਦੇ 00.00 ਘੰਟੇ ਹੋਵੇਗੀ।’’ ਇਸ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਬਰਫ਼ ਨਾਲ ਜੁੜੇ ਗੈਰ-ਸਮਕਾਲੀ ਖੇਤਰਾਂ ਦੇ ਸਬੰਧ ਵਿੱਚ, ਹਵਾਲਾ ਮਿਤੀ 1 ਅਕਤੂਬਰ, 2026 ਦੇ 00:00 ਘੰਟੇ ਹੋਵੇਗੀ।

ਦੇਸ਼ ਭਰ ਤੋਂ ਆਬਾਦੀ ਨਾਲ ਸਬੰਧਤ ਡੇਟਾ ਦੇਣ ਦੀ ਇਹ ਵੱਡੀ ਕਵਾਇਦ ਕਰੀਬ 34 ਲੱਖ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਅਤੇ ਡਿਜੀਟਲ ਡਿਵਾਈਸਾਂ ਨਾਲ ਲੈਸ ਕਰੀਬ 1.3 ਲੱਖ ਜਨਗਣਨਾ ਕਾਮਿਆਂ ਵੱਲੋਂ ਪੂਰੀ ਕੀਤੀ ਜਾਵੇਗੀ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਦਮਸ਼ੁਮਾਰੀ ਵਿੱਚ ਜਾਤੀ ਜਨਗਣਨਾ ਵੀ ਕੀਤੀ ਜਾਵੇਗੀ। ਲੋਕਾਂ ਲਈ ਸਵੈ-ਗਣਨਾ ਦੀ ਵਿਵਸਥਾ ਵੀ ਉਪਲਬਧ ਕਰਵਾਈ ਜਾਵੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਥੇ ਕੇਂਦਰੀ ਗ੍ਰਹਿ ਸਕੱਤਰ, ਰਜਿਸਟਰਾਰ ਜਨਰਲ ਅਤੇ ਭਾਰਤ ਦੇ ਜਨਗਣਨਾ ਕਮਿਸ਼ਨਰ ਮ੍ਰਿਤੁੰਜਯ ਕੁਮਾਰ ਨਾਰਾਇਣ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਰਦਮਸ਼ੁਮਾਰੀ ਦੀ ਤਿਆਰੀ ਬਾਰੇ ਸਮੀਖਿਆ ਕੀਤੀ।

ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ- ਹਾਊਸ ਲਿਸਟਿੰਗ ਆਪ੍ਰੇਸ਼ਨ (HLO)- ਹਰੇਕ ਘਰ ਦੀ ਰਿਹਾਇਸ਼ੀ ਹਾਲਤ, ਸੰਪਤੀਆਂ ਅਤੇ ਸਹੂਲਤਾਂ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਜਦੋਂਕਿ ਦੂਜੇ ਪੜਾਅ ਵਿੱਚ- ਆਬਾਦੀ ਦੀ ਗਿਣਤੀ ਭਾਵ ਹਰੇਕ ਘਰ ਦੇ ਹਰੇਕ ਜੀਅ ਦੀ ਗਿਣਤੀ, ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ।

ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਦਮਸ਼ੁਮਾਰੀ ਦੀ ਮਸ਼ਕ ਸ਼ੁਰੂ ਹੋਣ ਤੋਂ ਬਾਅਦ ਇਹ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਜਨਗਣਨਾ ਹੈ। ਬਿਆਨ ਵਿੱਚ ਕਿਹਾ ਗਿਆ ਸੀ ਕਿ ਜਾਣਕਾਰੀ ਇਕੱਤਰ ਕਰਨ, ਸੰਚਾਰ ਅਤੇ ਸਟੋਰੇਜ ਸਮੇਂ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਸਖ਼ਤ ਡੇਟਾ ਸੁਰੱਖਿਆ ਉਪਾਅ ਰੱਖੇ ਜਾਣਗੇ।

#Census2025 #IndianCensus #PopulationSurvey #DigitalCensus #GovernmentOfIndia #DemographicData #IndiaStats #CensusNotification

Posted By: Daily Suraj Bureau

Latest News