Daily Suraj

ਪੰਜਾਬੀ

ਵਿਆਹ ਦੇ ਮਾਹੌਲ ਵਿੱਚ ਵਾਪਰੀ ਦਰਦਨਾਕ ਘਟਨਾ, ਨੌਜਵਾਨ ਨੂੰ ਮਾਰੀ ਗੋਲੀ

03 Mar, 2026 11:35 AM

ਇਥੋਂ ਦੇ ਇੱਕ ਮੈਰਿਜ ਪੈਲੇਸ ਵਿੱਚ ਬੀਤੀ ਰਾਤ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 21 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਅਧਿਕਾਰੀਆਂ ਅਨੁਸਾਰ, ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਬਲਦੇਵ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ। ਜਾਣਕਾਰੀ ਮੁਤਾਬਕ, ਵਿਆਹ ਸਮਾਗਮ ਦੌਰਾਨ ਤਰਨਜੀਤ ਸਿੰਘ ਲਾੜੀ ਨੂੰ ਜੈਮਾਲਾ ਦੀ ਰਸਮ ਲਈ ਸਟੇਜ ਉਤੇ ਛੱਡ ਕੇ ਪਾਰਕਿੰਗ ਵਿੱਚ ਖੜ੍ਹੀ ਆਪਣੀ ਕਾਰ ਤੋਂ ਸਾਮਾਨ ਲੈਣ ਲਈ ਗਿਆ ਸੀ। ਇਸ ਦੌਰਾਨ ਪੈਲੇਸ ਦੇ ਦਫਤਰ ਦੇ ਬਾਹਰਲੇ ਗੇਟ ਕੋਲ ਬੈਠੇ ਹੈਵਨ ਚੌਧਰੀ ਵਾਸੀ ਪਿੰਡ ਧੱਕਤਾਣਾ ਅਤੇ ਜਗਦੀਸ਼ ਉਰਫ਼ ਜੋਨੀ ਵਾਸੀ ਰੁਦਰਪੁਰ, ਜ਼ਿਲ੍ਹਾ ਊਧਮ ਸਿੰਘ ਨਗਰ (ਉਤਰਾਖੰਡ) ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਦੋਸ਼ ਹੈ ਕਿ ਹੈਵਨ ਚੌਧਰੀ ਨੇ ਤਰਨਜੀਤ ਸਿੰਘ ਨਾਲ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਉਸ 'ਤੇ ਗੋਲੀ ਚਲਾ ਦਿੱਤੀ। ਗੋਲੀ ਉਸ ਦੇ ਢਿੱਡ ਵਿੱਚ ਲੱਗੀ, ਜਿਸ ਨਾਲ ਉਹ ਥਾਂ ਤੇ ਹੀ ਡਿੱਗ ਪਿਆ। ਘਟਨਾ ਤੋਂ ਬਾਅਦ ਤੁਰੰਤ ਉਸ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਹੈਵਨ ਚੌਧਰੀ ਅਤੇ ਜਗਦੀਸ਼ ਉਰਫ਼ ਜੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Daily Suraj Bureau

Latest News