Daily Suraj

ਪੰਜਾਬੀ

ਸੋਸ਼ਲ ਮੀਡੀਆ ਰਾਹੀਂ ਨਾਬਾਲਗਾਂ ਨੂੰ ਗੈਂਗਸਟਰ ਬਣਾ ਰਹੇ ਵਿਦੇਸ਼ੀ ਗਿਰੋਹ, ਚੰਡੀਗੜ੍ਹ ਪੁਲੀਸ ਦਾ ਵੱਡਾ ਖੁਲਾਸਾ

07 May, 2026 12:44 PM

ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਅਤੇ ਨਾਬਾਲਗਾਂ ਨੂੰ ਅਪਰਾਧਿਕ ਗਤੀਵਿਧੀਆਂ ਵੱਲ ਧੱਕਣ ਦਾ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲੀਸ ਨੇ ਇੱਕ 12ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨੂੰ ਕਾਬੂ ਕਰਕੇ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਹੋਣ ਵਾਲੇ ਇੱਕ ਸੰਭਾਵੀ ਕਤਲ ਨੂੰ ਨਾਕਾਮ ਕਰ ਦਿੱਤਾ ਹੈ। ਪੁਲੀਸ ਅਨੁਸਾਰ ਪੰਜਾਬ ਨਾਲ ਸੰਬੰਧਿਤ ਇਹ ਨਾਬਾਲਗ ਵਿਦੇਸ਼ ਤੋਂ ਸੰਚਾਲਿਤ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਗੁਰਵਿੰਦਰ ਸਿੰਘ ਉਰਫ ਅਫਰੀਦੀ ਟੂਟਾਂਵਾਲਾ ਦੇ ਸੰਪਰਕ ਵਿੱਚ ਸੀ। ਚੰਡੀਗੜ੍ਹ ਪੁਲੀਸ ਦੀ ਅਪਰੇਸ਼ਨ ਸੈੱਲ ਟੀਮ ਨੇ 6 ਮਈ ਨੂੰ ਯੂਟੀ ਖੇਤਰ ਵਿੱਚ ਰੁਟੀਨ ਗਸ਼ਤ ਦੌਰਾਨ ਗੁਪਤ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ’ਤੇ ਉਸ ਨੂੰ ਰੋਕਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਨਾਬਾਲਗ 5 ਮਈ ਨੂੰ ਘਰੋਂ ਨਿਕਲਿਆ ਸੀ ਅਤੇ ਉਸ ਨੂੰ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਾਬਾਲਗ ਨੇ ਹਾਲ ਹੀ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ ਅਤੇ ਨਤੀਜੇ ਦੀ ਉਡੀਕ ਕਰ ਰਿਹਾ ਸੀ। ਕਰੀਬ ਦੋ ਮਹੀਨੇ ਪਹਿਲਾਂ ਉਹ ਇੰਸਟਾਗ੍ਰਾਮ ਰਾਹੀਂ ਗੈਂਗ ਦੇ ਸੰਪਰਕ ਵਿੱਚ ਆਇਆ ਸੀ। ਬਾਅਦ ਵਿੱਚ ਗੱਲਬਾਤ ਟੈਲੀਗ੍ਰਾਮ ’ਤੇ ਹੋਣ ਲੱਗੀ, ਜਿੱਥੇ ਗੈਂਗਸਟਰ ਐਨਕ੍ਰਿਪਟਡ ਮੈਸੇਜਿੰਗ ਰਾਹੀਂ ਹਦਾਇਤਾਂ ਦਿੰਦੇ ਸਨ। ਸੂਤਰਾਂ ਅਨੁਸਾਰ ਨਾਬਾਲਗ ਦੀ ਇੱਕ ਨਿੱਜੀ ਰੰਜਿਸ਼ ਨੂੰ ਗੈਂਗਸਟਰਾਂ ਨੇ ਆਪਣੇ ਫਾਇਦੇ ਲਈ ਵਰਤਿਆ। ਉਸ ਦੇ ਇਲਾਕੇ ਦੇ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਉਹ ਬਦਲਾ ਲੈਣਾ ਚਾਹੁੰਦਾ ਸੀ ਅਤੇ ਇਸੇ ਦੌਰਾਨ ਗੈਂਗਸਟਰਾਂ ਨਾਲ ਜੁੜ ਗਿਆ। ਮਾਰਚ ਮਹੀਨੇ ਵਿੱਚ ਉਸ ਨੂੰ ਖੇਮਕਰਨ ਜਾਣ ਲਈ ਕਿਹਾ ਗਿਆ, ਜਿੱਥੇ ਉਹ ਗੈਂਗ ਨਾਲ ਜੁੜੇ ਲਵ ਭੱਟੀ ਅਤੇ ਅਮਨ ਸ਼ਰਮਾ ਨਾਲ ਰਿਹਾ। ਇਸ ਦੌਰਾਨ ਉਸ ਦੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲੀਸ ਮੁਤਾਬਕ ਖੇਮਕਰਨ ਵਿੱਚ ਰਹਿੰਦੇ ਹੋਏ ਉਸ ਨੂੰ ਅਮਰਕੋਟ ਬੱਸ ਸਟਾਪ ਨੇੜੇ ਇੱਕ ਡਾਕਟਰ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਲਈ ਕਿਹਾ ਗਿਆ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੇ ਪਹਿਲਾਂ ਕਦੇ ਹਥਿਆਰ ਨਹੀਂ ਚਲਾਇਆ ਸੀ। ਬਾਅਦ ਵਿੱਚ ਇਹ ਵਾਰਦਾਤ ਲਵ ਭੱਟੀ ਅਤੇ ਅਮਨ ਸ਼ਰਮਾ ਵੱਲੋਂ ਕੀਤੀ ਗਈ। ਕਰੀਬ 20 ਦਿਨਾਂ ਬਾਅਦ ਨਾਬਾਲਗ ਘਰ ਵਾਪਸ ਆ ਗਿਆ ਸੀ। ਇਸ ਤੋਂ ਬਾਅਦ ਗੈਂਗ ਨੇ ਉਸ ਨੂੰ ਪੱਟੀ ਵਿੱਚ ਇੱਕ ਨਿੱਜੀ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਦਾ ਟਾਸਕ ਦਿੱਤਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪ੍ਰਭ ਦਾਸੂਵਾਲ ਵੱਲੋਂ ਉਸ ਨੂੰ ਕਈ ਵਾਰ ਪੈਸੇ ਭੇਜੇ ਗਏ ਸਨ। ਚੰਡੀਗੜ੍ਹ ਵਿੱਚ ਰੋਕੇ ਜਾਣ ਸਮੇਂ ਉਹ ਕਿਸੇ ਹੋਰ ਦੀ ਪਛਾਣ ’ਤੇ ਸਿਮ ਕਾਰਡ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਗੈਂਗਸਟਰ ਗ੍ਰਿਫ਼ਤਾਰੀ ਤੋਂ ਬਚਣ ਲਈ ਵਰਤਦੇ ਹਨ। ਪੁਲੀਸ ਅਨੁਸਾਰ ਗੈਂਗਸਟਰਾਂ ਨੇ ਨਾਬਾਲਗ ’ਤੇ ਜਾਅਲੀ ਇੰਸਟਾਗ੍ਰਾਮ ਅਕਾਊਂਟ ਬਣਾਕੇ ਹੋਰ ਕਮਜ਼ੋਰ ਨੌਜਵਾਨਾਂ ਨੂੰ ਵੀ ਨੈੱਟਵਰਕ ਨਾਲ ਜੋੜਨ ਲਈ ਦਬਾਅ ਬਣਾਇਆ ਸੀ। ਚੰਡੀਗੜ੍ਹ ਦੇ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਨੌਜਵਾਨਾਂ ਅਤੇ ਨਾਬਾਲਗਾਂ ਨੂੰ ਕਿਵੇਂ ਗਲਤ ਰਸਤੇ ’ਤੇ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਇੱਕ ਨੌਜਵਾਨ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਪੁਲੀਸ ਕਿਸੇ ਵੀ ਗੈਂਗ ਜਾਂ ਅਪਰਾਧਿਕ ਸਿੰਡੀਕੇਟ ਨੂੰ ਸ਼ਹਿਰ ਵਿੱਚ ਆਪਣਾ ਜਾਲ ਫੈਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਜਾਰੀ ਰਹੇਗੀ। ਕਿਉਂਕਿ ਮਾਮਲੇ ਵਿੱਚ ਸ਼ਾਮਲ ਲੜਕਾ ਨਾਬਾਲਗ ਹੈ, ਇਸ ਲਈ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਨੇ ਪਰਿਵਾਰ ਨੂੰ ਉਸ ਦੀ ਪੇਸ਼ੇਵਰ ਕੌਂਸਲਿੰਗ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ, ਮਾਮਲੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਪੰਜਾਬ ਪੁਲੀਸ ਨਾਲ ਵੀ ਸਾਂਝੀ ਕੀਤੀ ਗਈ ਹੈ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।

Posted By: Daily Suraj Bureau

Latest News