ਖੇਲੋ ਇੰਡੀਆ ਯੂਥ ਗੇਮਜ਼ 'ਚ ਗਤਕਾ ਖੇਡ ਨੇ ਪੰਜਾਬ ਦੀ ਝੋਲੀ ਪਾਏ ਸੱਤ ਮੈਡਲ - ਡਾ.ਰਜਿੰਦਰ ਸਿੰਘ ਸੋਹਲ
ਚੰਡੀਗੜ : ਪੰਜਾਬ ਗਤਕਾ ਐਸੋਸੀਏਸ਼ਨ ਦੀ ਮਿਹਨਤ ਸਦਕਾ ਹੋਇਆ ਸੰਭਵ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ.ਰਜਿੰਦਰ ਸਿੰਘ ਸੋਹਲ ਨੇ ਦੱਸਿਆਂ ਕਿ ਯੁਵਾ, ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਵੱਲੋਂ ਇਸ ਵਾਰ ਬਿਹਾਰ ਰਾਜ ਦੇ ਵਿੱਚ ਖੇਲੋ ਇੰਡੀਆ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹ ਖੇਡਾਂ 5 ਮਈ ਤੋਂ ਲੈ ਕੇ 15 ਮਈ ਤੱਕ ਬਿਹਾਰ ਦੇ ਵੱਖ -ਵੱਖ ਸ਼ਹਿਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਕੁੱਲ 28 ਖੇਡਾਂ ਦੇ ਆਯੋਜਨ ਤਹਿਤ ਗਤਕਾ ਖੇਡ 5 ਤੋਂ 7 ਮਈ ਤੱਕ ਗਯਾ ਸ਼ਹਿਰ ਦੇ ਵਿੱਚ ਕਰਵਾਈ ਗਈ। ਇਸ ਮੁਕਾਬਲੇ ਦੇ ਵਿੱਚ 19 ਰਾਜਾਂ ਦੇ 160 ਖਿਡਾਰੀਆਂ ਨੇ ਭਾਗ ਲਿਆ ਅਤੇ ਇਸ ਦੇ ਵਿੱਚ ਪੰਜਾਬ ਰਾਜ ਦੇ ਗਤਕਾ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਤ ਮੈਡਲ ਪੰਜਾਬ ਦੀ ਝੋਲੀ ਵਿੱਚ ਪਾਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ.ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਗਤਕਾ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਗਤਕਾ ਖੇਡ ਨੂੰ ਇੱਕ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਗਤਕਾ ਐਸੋਸੀਏਸ਼ਨ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਹੈ ਕਿ ਇੱਕ ਹੀ ਖੇਡ ਦੇ ਵਿੱਚੋਂ ਸੱਤ ਮੈਡਲ ਪ੍ਰਾਪਤ ਕੀਤੇ ਗਏ ਹਨ। ਇਸ ਸਮੇਂ ਉਨ੍ਹਾਂ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਗੁਰਸੇਵਕ ਸਿੰਘ ਨੇ ਸੋਨੇ ਦਾ ਤਗ਼ਮਾ, ਜਸ਼ਨਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ, ਟੀਮ ਫਰੀ ਸੋਟੀ ਮੁਕਾਬਲੇ ਵਿੱਚ ਗੁਰਸੇਵਕ ਸਿੰਘ, ਜਸ਼ਨਦੀਪ ਸਿੰਘ, ਰੋਬਿਨਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ,ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਜਗਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਲੜਕੀਆਂ ਦੀ ਟੀਮ ਵਿੱਚ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਤਮੰਨਾ ਨੇ ਸੋਨੇ ਦਾ ਤਗ਼ਮਾ ਅਵਨੀਤ ਕੋਰ ਨੇ ਕਾਂਸੀ ਦਾ ਤਗ਼ਮਾ, ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਸੋਨੂੰ ਕੌਰ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ ਵਿੱਚ ਪੰਜਾਬ ਦੇ ਗਤਕਾ ਖਿਡਾਰੀਆਂ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਛੇਤੀ ਹੀ ਇੱਕ ਪ੍ਰੋਗਰਾਮ ਦਾ ਆਯੋਜਨ ਕਰਕੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਦੀ ਖੇਡ ਵਿੱਚ ਹੋਰ ਸੁਧਾਰ ਲਿਆਉਣ ਲਈ ਅਤੇ ਉਨ੍ਹਾਂ ਨੂੰ ਵਧੀਆ ਢਾਂਚਾ ਉਪਲਬਧ ਕਰਾਉਣ ਦੇ ਲਈ ਵੀ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਇਸ ਸਮੇਂ ਬਲਜਿੰਦਰ ਸਿੰਘ ਤੂਰ ਵਲੋਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿਨਾਂ ਦੀ ਯੋਗ ਅਗਵਾਹੀ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਡਾ. ਸੋਹਲ ਵੱਲੋਂ ਟੀਮ ਦੇ ਮੈਨੇਜਰ ਜਸਵਿੰਦਰ ਸਿੰਘ ਪਾਬਲਾ , ਕੋਚ ਮੈਡਮ ਇੰਦਰਪ੍ਰੀਤ ਕੌਰ ਅਤੇ ਹਰਕਿਰਨਜੀਤ ਸਿੰਘ ਨੂੰ ਵੀ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
#KheloIndia #GatkaSports #PunjabMedals #YouthGames #SportsInPunjab #IndianSports #GatkaVictory #SportsHeritage #KheloIndiaYouthGames #PunjabPride
Posted By: Daily Suraj Bureau