Daily Suraj

ਪੰਜਾਬੀ

ਫੌਜੀ ਭਰਤੀ ‘ਚ ਵੱਡਾ ਫੈਸਲਾ, ਅਗਨੀਵੀਰ ਰਜਿਸਟ੍ਰੇਸ਼ਨ ਸਮਾਂ ਵਧਾਇਆ ਗਿਆ

02 Apr, 2026 02:36 PM

ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਫੌਜ ਦੀ ਅਗਨੀਵੀਰ ਭਰਤੀ 2026-2027 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਉਮੀਦਵਾਰ 10 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅੰਤਿਮ ਮਿਤੀ 1 ਅਪ੍ਰੈਲ 2026 ਨਿਰਧਾਰਿਤ ਕੀਤੀ ਗਈ ਸੀ। ਹਾਲਾਂਕਿ, ਨੌਜਵਾਨਾਂ ਨੂੰ ਹੋਰ ਮੌਕਾ ਦੇਣ ਲਈ ਇਸ ਵਿੱਚ ਵਾਧਾ ਕੀਤਾ ਗਿਆ ਹੈ। ਪੂਨਮ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ 13 ਫਰਵਰੀ 2026 ਤੋਂ ਖੁੱਲ੍ਹਾ ਹੋਇਆ ਹੈ ਅਤੇ ਹੁਣ 10 ਅਪ੍ਰੈਲ ਤੱਕ ਚਾਲੂ ਰਹੇਗਾ। ਚਾਹਵਾਨ ਉਮੀਦਵਾਰ ਇਸ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਉਮਰ 17.5 ਸਾਲ ਤੋਂ 22 ਸਾਲ ਦਰਮਿਆਨ ਹੋਣੀ ਲਾਜ਼ਮੀ ਹੈ। ਇਸ ਅਨੁਸਾਰ 1 ਜੁਲਾਈ 2004 ਤੋਂ 1 ਜੁਲਾਈ 2009 ਦੇ ਵਿਚਕਾਰ ਜਨਮੇ ਨੌਜਵਾਨ ਇਸ ਭਰਤੀ ਲਈ ਯੋਗ ਮੰਨੇ ਜਾਣਗੇ। ਸਿੱਖਿਆ ਯੋਗਤਾ ਵਜੋਂ ਦਸਵੀਂ ਕਲਾਸ ਵਿੱਚ ਘੱਟੋ-ਘੱਟ 45 ਫੀਸਦੀ ਅੰਕ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ, ਉਮੀਦਵਾਰਾਂ ਲਈ ਸ਼ਾਰਰੀਰਕ ਮਾਪਦੰਡ ਵੀ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ ਕੱਦ 170 ਸੈਂਟੀਮੀਟਰ ਅਤੇ ਛਾਤੀ 77/82 ਸੈਂਟੀਮੀਟਰ ਹੋਣੀ ਜ਼ਰੂਰੀ ਹੈ। ਉਮੀਦਵਾਰ ਭਰਤੀ ਲਈ joinindianarmy.nic.in ਵੈਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਧਿਕਾਰੀਆਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਅਧਿਕਾਰਤ ਵੈਬਸਾਈਟ ਦੀ ਜਾਂਚ ਕਰਨ। ਨਾਲ ਹੀ, ਧੋਖਾਧੜੀ ਤੋਂ ਬਚਣ ਲਈ ਸਿਰਫ ਅਧਿਕਾਰਤ ਪੋਰਟਲ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ ਹੈ।

Posted By: Daily Suraj Bureau

Latest News