Daily Suraj

ਪੰਜਾਬੀ

ਵਧਦੀਆਂ ਲਾਗਤਾਂ ਤੇ ਘਟਦੀ ਖਰੀਦ ਸਮਰੱਥਾ ਨੇ ਰੈਸਟੋਰੈਂਟ ਕਾਰੋਬਾਰ ਨੂੰ ਘੇਰਿਆ

12 Jan, 2026 03:36 PM

ਡਲਹੌਜ਼ੀ ਯੂਨੀਵਰਸਿਟੀ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਕੈਨੇਡਾ ਦਾ ਰੈਸਟੋਰੈਂਟ ਉਦਯੋਗ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਉਣ ਵਾਲੇ ਸਾਲ 2026 ਵਿੱਚ ਹਜ਼ਾਰਾਂ ਰੈਸਟੋਰੈਂਟਾਂ ਦੇ ਬੰਦ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਰਿਪੋਰਟ ਅਨੁਸਾਰ ਪਿਛਲੇ ਸਾਲ ਦੇਸ਼ ਭਰ ਵਿੱਚ ਕਰੀਬ 7,000 ਰੈਸਟੋਰੈਂਟ ਬੰਦ ਹੋ ਚੁੱਕੇ ਹਨ, ਜਦਕਿ ਅੰਦਾਜ਼ਾ ਹੈ ਕਿ 2026 ਦੌਰਾਨ ਹੋਰ ਕਰੀਬ 4,000 ਰੈਸਟੋਰੈਂਟ ਤਾਲੇ ਲਗਾ ਸਕਦੇ ਹਨ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਸ ਸੰਕਟ ਦਾ ਸਭ ਤੋਂ ਵੱਡਾ ਅਸਰ ਓਂਟਾਰੀਓ ਸੂਬੇ ‘ਤੇ ਪੈਣ ਦੀ ਸੰਭਾਵਨਾ ਹੈ, ਖ਼ਾਸ ਕਰਕੇ ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਵਿੱਚ। ਡਲਹੌਜ਼ੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਖੋਜਕਰਤਾ ਸਿਲਵੈਨ ਸ਼ਾਰਲਬੋਆ ਦਾ ਕਹਿਣਾ ਹੈ ਕਿ ਰੈਸਟੋਰੈਂਟ ਉਦਯੋਗ ਦੋਹਾਂ ਪਾਸਿਆਂ ਤੋਂ ਦਬਾਅ ਹੇਠ ਹੈ—ਇਕ ਪਾਸੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਮਜ਼ਦੂਰੀ ਖ਼ਰਚੇ ਅਤੇ ਅਸਥਾਈ ਮਜ਼ਦੂਰ ਪ੍ਰੋਗਰਾਮ ਵਿੱਚ ਤਬਦੀਲੀਆਂ ਹਨ, ਜਦਕਿ ਦੂਜੇ ਪਾਸੇ ਗਾਹਕਾਂ ਦੀ ਖਰੀਦ ਸਮਰੱਥਾ ਘਟ ਰਹੀ ਹੈ। ਟੋਰਾਂਟੋ ਦੇ ਇੱਕ ਰੈਸਟੋਰੈਂਟ ਮਾਲਕ ਰਿਚਰਡ ਪਿੰਟੋ ਦੱਸਦੇ ਹਨ ਕਿ ਵਧਦੀਆਂ ਲਾਗਤਾਂ ਨੇ ਕਾਰੋਬਾਰ ਦੇ ਹਰ ਪੱਖ ‘ਤੇ ਅਸਰ ਪਾਇਆ ਹੈ। ਉਨ੍ਹਾਂ ਅਨੁਸਾਰ ਖਾਣ-ਪੀਣ ਦੇ ਸਮਾਨ ਤੋਂ ਲੈ ਕੇ ਪੈਕੇਜਿੰਗ ਸਮੱਗਰੀ, ਐਲੂਮੀਨਿਅਮ ਅਤੇ ਹੋਰ ਧਾਤਾਂ ਤੱਕ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 20 ਤੋਂ 30 ਫੀਸਦੀ ਤੱਕ ਵਾਧਾ ਹੁਣ ਆਮ ਗੱਲ ਬਣ ਚੁੱਕੀ ਹੈ, ਜਿਸਨੂੰ ਮਜਬੂਰੀ ਵੱਸ ਸਹਿਣਾ ਪੈਂਦਾ ਹੈ। ਓਂਟਾਰੀਓ ਰੈਸਟੋਰੈਂਟ, ਹੋਟਲ ਐਂਡ ਮੋਟਲ ਐਸੋਸੀਏਸ਼ਨ ਮੁਤਾਬਕ ਕਈ ਰੈਸਟੋਰੈਂਟ ਹਾਲੇ ਤੱਕ ਕੋਵਿਡ-19 ਮਹਾਮਾਰੀ ਦੇ ਝਟਕਿਆਂ ਤੋਂ ਪੂਰੀ ਤਰ੍ਹਾਂ ਨਹੀਂ ਸੰਭਲੇ। ਇਸੇ ਦੌਰਾਨ ਟੋਰਾਂਟੋ ਐਸੋਸੀਏਸ਼ਨ ਆਫ਼ ਬਿਜ਼ਨਸ ਇੰਪਰੂਵਮੈਂਟ ਏਰੀਆਜ਼ ਦੇ ਸੀਈਓ ਜੌਨ ਕੀਰੂ ਨੇ ਕਿਹਾ ਕਿ ਰੈਸਟੋਰੈਂਟ ਸਿਰਫ਼ ਰੋਜ਼ਗਾਰ ਹੀ ਨਹੀਂ, ਸਗੋਂ ਸੈਰ-ਸਪਾਟੇ ਅਤੇ ਸ਼ਹਿਰੀ ਰੌਣਕ ਲਈ ਵੀ ਅਹਿਮ ਹਨ। ਉਨ੍ਹਾਂ ਦੇ ਬੰਦ ਹੋਣ ਨਾਲ ਸ਼ਹਿਰਾਂ ਦੀ ਸੂਰਤ ਅਤੇ ਆਰਥਿਕ ਸਰਗਰਮੀ ਦੋਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਦਯੋਗਕ ਸੰਸਥਾਵਾਂ ਨੇ ਸਰਕਾਰ ਤੋਂ ਟੈਕਸ ਵਿੱਚ ਛੋਟ ਅਤੇ ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਖ਼ਾਸ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ ਹੈ। ਮਾਹਿਰਾਂ ਦਾ ਮਤ ਹੈ ਕਿ ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਦਾ ਖਾਣ-ਪੀਣ ਦਾ ਨਕਸ਼ਾ ਸਦਾ ਲਈ ਬਦਲ ਸਕਦਾ ਹੈ।

Posted By: Daily Suraj Bureau

Latest News