Daily Suraj

ਪੰਜਾਬੀ

ਪਾਕਿਸਤਾਨੀ ਵਫ਼ਦ ਨੇ ਅਮਰੀਕਾ ’ਚ ਸਿੰਧੂ ਜਲ ਸੰਧੀ ਬਹਾਲ ਕਰਨ ਦੀ ਕੀਤੀ ਮੰਗ

09 Jun, 2025 08:33 PM

ਅਮਰੀਕਾ : ਭਾਰਤ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ’ਤੇ ਨਿਊਯਾਰਕ ਵਿੱਚ ਕੂਟਨੀਤਕ ਗੱਲਬਾਤ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਪਾਕਿਸਤਾਨੀ ਵਫ਼ਦ ਯੂਕੇ ਪਹੁੰਚਿਆ। ਰਿਪੋਰਟ ਅਨੁਸਾਰ, ਨੌਂ ਮੈਂਬਰੀ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ, ਮੈਂਬਰ ਦੇਸ਼ਾਂ ਦੇ ਡਿਪਲੋਮੈਟਾਂ ਅਤੇ ਸੀਨੀਅਰ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੋਏ ਟਕਰਾਅ ’ਤੇ ਪਾਕਿਸਤਾਨ ਦਾ ਬਿਆਨ ਪੇਸ਼ ਕੀਤਾ।

ਵਫ਼ਦ ਦੇ ਮੈਂਬਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੇ ਇਥੇ ਕਿਹਾ ਕਿ ‘ਸਾਡਾ ਸੁਨੇਹਾ ਸਪੱਸ਼ਟ ਸੀ - ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ’’। ਜਿਲਾਨੀ ਨੇ ਕਿਹਾ ਕਿ ਇਸਲਾਮਾਬਾਦ ਸਿੰਧੂ ਜਲ ਸੰਧੀ ਸਮੇਤ ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ, ਸੰਸਦ ਮੈਂਬਰ ਖੁਰਰਮ ਦਸਤਗੀਰ ਨੇ ਪਾਣੀ ਵਿਵਾਦ ਦੇ ਖੇਤਰੀ ਪ੍ਰਭਾਵਾਂ ਨੂੰ ਉਜਾਗਰ ਕੀਤਾ ਅਤੇ 1960 ਦੀ ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸੰਧੀ ਨੂੰ ਬਹਾਲ ਕਰਨ ਦੀ ਮੰਗ ਕੀਤੀ, ਜਿਸ ਬਾਰੇ ਭਾਰਤ ਨੇ ਕਿਹਾ ਹੈ ਇਹ ਉਦੋਂ ਤਕ ਮੁਅੱਤਲ ਰਹੇਗੀ ਜਦੋਂ ਤਕ ਇਸਲਾਮਾਬਾਦ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ। 

ਉਨ੍ਹਾਂ ਕਿਹਾ, ‘‘ਅਸੀਂ ਅਮਰੀਕੀ ਅਧਿਕਾਰੀਆਂ ਨੂੰ ਸਮਝਾਇਆ ਕਿ ਭਾਰਤ ਦੁਆਰਾ ਸੰਧੀ ਨੂੰ ਮੁਅੱਤਲ ਕਰਨ ਨਾਲ 2.40 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ ਹੈ ਅਤੇ ਖੇਤਰ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਿਆ ਹੈ। ਦਸਤਗੀਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਵਿਵਾਦ ਪਾਕਿਸਤਾਨ ਲਈ ਹੌਂਦ ਦਾ ਮਾਮਲਾ ਹੈ, ਦੇਸ਼ ਇਸ ਨਾਲ ਸਮਝੌਤਾ ਨਹੀਂ ਕਰੇਗਾ। ਸਮੂਹ ਦੀ ਇੱਕ ਹੋਰ ਮੈਂਬਰ ਸੈਨੇਟਰ ਸ਼ੈਰੀ ਰਹਿਮਾਨ ਨੇ ਕਿਹਾ ਕਿ ਮਿਸ਼ਨ ਦਾ ਧਿਆਨ ਸ਼ਾਂਤੀ ਦੀ ਵਕਾਲਤ ਕਰਨ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਜਲ ਸੰਧੀ ਅਤੇ ਕਸ਼ਮੀਰ ਮੁੱਦਾ ਅੰਤਰਰਾਸ਼ਟਰੀ ਏਜੰਡੇ ’ਤੇ ਰਹੇ।

ਯੂਕੇ ਵਿੱਚ, ਵਫ਼ਦ ਦੇ ਸੀਨੀਅਰ ਬ੍ਰਿਟਿਸ਼ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਤਾਂ ਜੋ ਸੰਘਰਸ਼ ਅਤੇ ਇਸਦੇ ਵਿਆਪਕ ਪ੍ਰਭਾਵਾਂ ’ਤੇ ਪਾਕਿਸਤਾਨ ਦੇ ਰੁਖ਼ ਨੂੰ ਉਜਾਗਰ ਕੀਤਾ ਜਾ ਸਕੇ। ਬ੍ਰਿਟਿਸ਼ ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਹਾਲ ਹੀ ਵਿੱਚ ਇਸਲਾਮਾਬਾਦ ਅਤੇ ਨਵੀਂ ਦਿੱਲੀ ਦੋਵਾਂ ਦਾ ਦੌਰਾ ਕੀਤਾ ਹੈ।

#RegionalStability #RegionalStability #IndusWaters #WaterDispute #PakistanDelegation


Posted By: Daily Suraj Bureau

Latest News