Daily Suraj

ਪੰਜਾਬੀ

ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਗਰਜ-ਤੂਫ਼ਾਨ ਤੇ ਤੇਜ਼ ਹਵਾਵਾਂ ਦੀ ਚੇਤਾਵਨੀ

26 Apr, 2026 07:50 PM

ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਤਿੱਖੀ ਗਰਮੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ ਹੋ ਸਕਦੀ ਹੈ ਅਤੇ ਹੀਟਵੇਵ ਦੀ ਸਥਿਤੀ ਬਣੀ ਰਹੇਗੀ। ਐਤਵਾਰ ਨੂੰ ਤਾਪਮਾਨ ਵਿੱਚ 0.4 ਡਿਗਰੀ ਦੀ ਹਲਕੀ ਕਮੀ ਦਰਜ ਕੀਤੀ ਗਈ, ਪਰ ਇਹ ਆਮ ਨਾਲੋਂ 3.3 ਡਿਗਰੀ ਵੱਧ ਰਿਹਾ। ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੂਬੇ ਵਿੱਚ ਹੀਟਵੇਵ ਦੀ ਸੰਭਾਵਨਾ ਹੈ। ਇਸ ਦੌਰਾਨ ਗਰਮ ਰਾਤਾਂ ਦੇ ਨਾਲ ਗਰਜ-ਤੂਫ਼ਾਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਇਸ ਸਮੇਂ ਦੌਰਾਨ ਬਿਜਲੀ ਚਮਕਣ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਅਨੁਮਾਨ ਹੈ ਕਿ 1 ਮਈ ਨੂੰ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ, ਪਰ 2 ਮਈ ਤੋਂ ਮੁੜ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅੱਜ ਸੱਤ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ।

Latest News