Daily Suraj

ਪੰਜਾਬੀ

ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਬਾਹੜੋਵਾਲ ਦੇ ਪਹਿਲਵਾਨਾਂ 5 ਮੈਡਲ ਜਿੱਤੇ

10 Dec, 2024 05:30 AM

ਬੰਗਾ : ਜ਼ਿਲ੍ਹੇ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਵੱਲੋਂ ਬੀਤੇ ਦਿਨੀ ਜ਼ਿਲ੍ਹਾ ਮਾਨਸਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ 5 ਮੈਡਲ  (ਦੋ ਚਾਂਦੀ ਦੇ ਅਤੇ ਤਿੰਨ ਕਾਂਸੀ ਦੇ) ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕਰਨ ਸਮਾਚਾਰ ਹੈ । ਇਸ ਮੌਕੇ ਜਾਣਕਾਰੀ ਦਿੰਦੇ  ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਬੀਤੇ ਦਿਨੀਂ ਹੋਈਆਂ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ ਉਮਰ ਵਰਗ ਅੰਡਰ 17 ਸਾਲ ਅਤੇ 49 ਕਿਲੋ ਭਾਰ ਵਰਗ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਜਦੋਂ ਕਿ ਇਸ ਦੇ ਭਰਾ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ ਗ੍ਰੀਕੋ ਰੋਮਨ ਸਟਾਈਲ ਵਿਚ ਕੁਸ਼ਤੀ ਖੇਡਦੇ ਹੋਏ ਉਮਰ ਵਰਗ ਅੰਡਰ 17 ਸਾਲ,  55  ਕਿਲੋਗ੍ਰਾਮ ਭਾਰ ਵਰਗ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਜਿੱਤਿਆ  । ਇਸੇ ਤਰ੍ਹਾਂ ਗ੍ਰੀਕੋ ਰੋਮਨ ਸਟਾਈਲ ਵਿਚ ਅਖਾੜੇ ਦੇ ਤਿੰਨ ਪਹਿਲਵਾਨਾਂ ਯੁਵਰਾਜ ਸਿੰਘ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ ਉਮਰ ਵਰਗ ਅੰਡਰ 17 ਸਾਲ ਅਤੇ 51 ਕਿਲੋ ਭਾਰ ਵਰਗ ਵਿਚੋਂ,  ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਂਉਂ ਨੇ ਉਮਰ ਵਰਗ 17 ਸਾਲ ਅਤੇ 65 ਕਿਲੋ ਭਾਰ ਵਰਗ ਵਿਚੋਂ ਅਤੇ ਰਿੰਕੂ ਪੁੱਤਰ ਦੇਸ ਰਾਜ ਪਿੰਡ ਕਲੇਰਾਂ ਨੇ ਅੰਡਰ 40 ਸਾਲ ਅਤੇ 92 ਕਿਲੋ ਭਾਰ ਵਰਗ ਵਿਚੋਂ ਕਾਂਸੀ ਦੇ ਮੈਡਲ  ਜਿੱਤੇ ਹਨ । ਇਸ ਮੌਕੇ ਪਿੰਡ ਬਾਹੜੋਵਾਲ ਵਿਖੇ ਇਹਨਾਂ ਜੇਤੂ ਪਹਿਲਵਾਨਾਂ ਦਾ ਸਨਮਾਨ ਮੁੱਖ ਮਹਿਮਾਨ ਸ. ਹਰਮਨ ਸਿੰਘ ਸੰਧੂ ਕਨੈਡਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।  ਉਹਨਾਂ ਨੇ ਮੈਡਲ ਜੇਤੂ ਪਹਿਲਵਾਨ ਲੜਕੇ-ਲੜਕੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ, ਕੁਸ਼ਤੀ ਕੋਚ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ । ਉਹਨਾਂ ਨੇ ਕੁਸ਼ਤੀ ਅਖਾੜੇ ਨੂੰ ਪਹਿਲਾਂ ਵਾਂਗ ਹੋਰ ਵੀ ਵੱਧ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ । ਸਨਮਾਨ ਸਮਾਰੋਹ ਮੌਕੇ ਸ. ਹਰਮਨ ਸਿੰਘ ਸੰਧੂ ਕਨੈਡਾ, ਮੈਡਮ ਰਾਜਨੀਤੀ ਕੌਰ ਕਨੈਡਾ,  ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ, ਮਾਸਟਰ ਗੁਰਨਾਮ ਰਾਮ, ਮਾਸਟਰ ਸੁਖਵਿੰਦਰ ਸਿੰਘ ਝਿੰਗੜਾਂ ਅਤੇ ਅਖਾੜੇ ਵਿਚ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਮੂਹ ਪਹਿਲਵਾਨ ਵੀ ਹਾਜ਼ਰ ਸਨ।

Posted By: Daily Suraj Bureau

Latest News