SCO ਸੰਮੇਲਨ ‘ਚ PM ਮੋਦੀ ਦੀ ਦਹਾੜ: ‘ਅੱਤਵਾਦ ‘ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਨੂੰ ਸੰਬੋਧਨ ਕਰਦਿਆਂ ਅੱਤਵਾਦ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ। ਉਨ੍ਹਾਂ ਕਿਹਾ ਕਿ ਅੱਤਵਾਦ ਵਰਗੇ ਗੰਭੀਰ ਮੁੱਦੇ ‘ਤੇ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। SCO ਦੇ ਰਾਜ ਮੁਖੀਆਂ ਦੀ ਪ੍ਰੀਸ਼ਦ ਦੀ 26ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇੱਕ ਆਵਾਜ਼ ਵਿੱਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅੱਤਵਾਦ ਦੇ ਮਾਮਲੇ ਵਿੱਚ ਦੋਹਰੇ ਮਾਪਦੰਡ ਸਵੀਕਾਰ ਨਹੀਂ ਕੀਤੇ ਜਾ ਸਕਦੇ। ਸੁਰੱਖਿਆ, ਸੰਪਰਕ ਅਤੇ ਮੌਕੇ ਭਾਰਤ ਦੇ ਤਿੰਨ ਮੁੱਖ ਥੰਮ੍ਹ ਪ੍ਰਧਾਨ ਮੰਤਰੀ ਮੋਦੀ ਨੇ SCO ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ਦੇ ਤਿੰਨ ਮੁੱਖ ਥੰਮ੍ਹਾਂ—ਸੁਰੱਖਿਆ, ਸੰਪਰਕ ਅਤੇ ਮੌਕੇ—ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਲਈ SCO ਮਹਾਨ ਸਭਿਅਤਾਵਾਂ, ਸੱਭਿਆਚਾਰਾਂ ਅਤੇ ਵਿਚਾਰਾਂ ਦੇ ਸੰਗਮ ਦਾ ਪ੍ਰਤੀਕ ਹੈ। ਉਨ੍ਹਾਂ ਭਾਰਤ ਦੇ ਇਸ ਰੁਖ਼ ਨੂੰ ਵੀ ਦੁਹਰਾਇਆ ਕਿ ਸਾਰੇ ਯੁੱਧਾਂ ਅਤੇ ਟਕਰਾਵਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਸਾਰੇ ਵਿਵਾਦਾਂ ਨੂੰ ਸੰਵਾਦ ਤੇ ਕੂਟਨੀਤੀ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ। ਸੰਪਰਕ ਅਤੇ ਵਪਾਰ ਨੂੰ ਵਧਾਉਣ ‘ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਨੇ ਬਾਜ਼ਾਰਾਂ ਨੂੰ ਆਪਸ ਵਿੱਚ ਜੋੜਨ, ਵਪਾਰ ਨੂੰ ਸੁਚਾਰੂ ਬਣਾਉਣ ਅਤੇ ਵਿਕਾਸ ਲਈ ਨਵੇਂ ਰਸਤੇ ਖੋਲ੍ਹਣ ਵਾਲੇ ਯਤਨਾਂ ਲਈ ਭਾਰਤ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਸੰਪਰਕ ਨਾਲ ਜੁੜੀਆਂ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਵਿੱਚ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ SCO ਦੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਅਗਲੇ 25 ਸਾਲਾਂ ਲਈ ਲੋਕਾਂ ਵਿਚਕਾਰ ਸਬੰਧਾਂ ਨੂੰ ਆਪਣੇ ਸਹਿਯੋਗ ਦੇ ਕੇਂਦਰ ਵਿੱਚ ਰੱਖਿਆ ਜਾਵੇ। ਭਾਰਤ ਦੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ SCO ਦੇ ਅੰਦਰ ਭਾਰਤ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਟਾਰਟ-ਅੱਪ ਫੋਰਮ, ਯੰਗ ਆਥਰਜ਼ ਕਨਕਲੇਵ ਅਤੇ ਯੰਗ ਸਾਇੰਟਿਸਟਸ ਫੋਰਮ ਵਰਗੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਮੋਦੀ ਨੇ ਦੱਸਿਆ ਕਿ ਪਿਛਲੇ ਸਾਲ ਭਾਰਤ ਨੇ SCO ਸੱਭਿਅਤਾ ਸੰਵਾਦ ਫੋਰਮ ਦਾ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਫੋਰਮ ਦਾ ਪਹਿਲਾ ਸੈਸ਼ਨ ਇਸ ਸਾਲ ਭਾਰਤ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬਿਸ਼ਕੇਕ ਵਿੱਚ 26ਵੇਂ SCO ਸੰਮੇਲਨ ਦੌਰਾਨ ਹੋਰ ਨੇਤਾਵਾਂ ਨਾਲ ਸਮੂਹ ਤਸਵੀਰ ਲਈ ਵੀ ਪੋਜ਼ ਦਿੱਤਾ। SCO ਵਿੱਚ 10 ਮੈਂਬਰ ਦੇਸ਼ ਸ਼ੰਘਾਈ ਸਹਿਯੋਗ ਸੰਗਠਨ ਵਿੱਚ 10 ਮੈਂਬਰ ਦੇਸ਼ ਸ਼ਾਮਲ ਹਨ। ਇਨ੍ਹਾਂ ਵਿੱਚ ਬੇਲਾਰੂਸ, ਭਾਰਤ, ਈਰਾਨ, ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਸੰਗਠਨ ਦੇ ਦੋ ਨਿਰੀਖਕ ਦੇਸ਼ ਅਜ਼ਰਬਾਈਜਾਨ ਅਤੇ ਅਰਮੀਨੀਆ ਹਨ। ਇਸ ਤੋਂ ਇਲਾਵਾ ਅਜ਼ਰਬਾਈਜਾਨ, ਅਰਮੀਨੀਆ, ਮਿਸਰ, ਕੰਬੋਡੀਆ, ਕਤਰ, ਕੁਵੈਤ, ਲਾਓਸ, ਮਿਆਂਮਾਰ, ਨੇਪਾਲ, ਮਾਲਦੀਵ, ਯੂਏਈ, ਸਾਊਦੀ ਅਰਬ, ਤੁਰਕੀ ਅਤੇ ਸ਼੍ਰੀਲੰਕਾ ਸਮੇਤ ਸੰਵਾਦ ਭਾਈਵਾਲ ਦੇਸ਼ ਵੀ ਇਸ ਨਾਲ ਜੁੜੇ ਹੋਏ ਹਨ।
Posted By: Daily Suraj Bureau