Daily Suraj

ਪੰਜਾਬੀ

ਲਾਇਨਜ਼ ਕਲੱਬ ਫਗਵਾੜਾ ਨੇ ਵਾਤਾਵਰਣ ਮੇਲੇ ਦੌਰਾਨ ਕਰਵਾਇਆ ਵਿਦਿਆਰਥੀਆਂ ਦਾ ਸਕਿੱਟ ਮੁਕਾਬਲਾ

19 Dec, 2025 10:06 PM

ਫਗਵਾੜਾ 19 ਦਸੰਬਰ (ਅਸ਼ੋਕ ਸ਼ਰਮਾ) ਲਾਇਨਜ਼ ਕਲੱਬ ਫਗਵਾੜਾ ਵਲੋਂ ਸਥਾਨਕ ਜੀ.ਟੀ. ਰੋਡ ਸਥਿਤ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਵਾਤਾਵਰਣ ਮੇਲੇ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਸਕਿੱਟ ਪ੍ਰਤਿਯੋਗਿਤਾ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਸਰਬਜੀਤ ਸਿੰਘ ਮਲਿਕ ਦੀ ਨਿਗਰਾਨੀ ਹੇਠ ਆਯੋਜਿਤ ਇਸ ਸਕਿੱਟ ਮੁਕਾਬਲੇ ਦੌਰਾਨ ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਬੀ.ਕੇ.ਜੇ.ਐਪਲ ਆਰਚਿਡ ਸਕੂਲ, ਐਸ.ਡੀ.ਪੁਤਰੀ ਪਾਠਸ਼ਾਲਾ ਹਦੀਆਬਾਦ, ਕਮਲਾ ਨਹਿਰੂ ਪਬਲਿਕ ਸਕੂਲ,ਮਾਂ ਅੰਬੇ ਗਰਲਜ਼ ਸਕੂਲ ਅਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ, ਫਗਵਾੜਾ ਦੇ ਵਿਦਿਆਰਥੀਆਂ ਨੇ ਆਪਣੀ ਅਦਾਕਾਰੀ ਦਾ ਸੁੰਦਰ ਨਮੂਨਾ ਪੇਸ਼ ਕਰਦਿਆਂ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਸਕਿਟ ਮੁਕਾਬਲੇ ਵਿੱਚ ਮਾਂ ਅੰਬੇ ਗਰਲਜ਼ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਬੀ.ਕੇ.ਜੇ. ਐਪਲ ਆਰਚਿਡ ਸਕੂਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੈਸਟ ਐਕਟਿੰਗ ਦਾ ਪੁਰਸਕਾਰ ਮਾਂ ਅੰਬੇ ਗਰਲਜ਼ ਸਕੂਲ ਦੀ ਵਿਦਿਆਰਥਣ ਇਸ਼ੀਕਾ ਨੂੰ ਦਿੱਤਾ ਗਿਆ। ਜਿਊਰੀ ਵਿੱਚ ਡਾ. ਇੰਦਰਜੀਤ ਪਾਲ, ਲੈਕਚਰਾਰ ਸਰਕਾਰੀ ਸਕੂਲ ਮੁਕੰਦਪੁਰ ਅਤੇ ਪ੍ਰੋ. ਸ਼ਿਖਾ ਸ਼ਾਮਲ ਸਨ। ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ ਅਤੇ ਉਤਸ਼ਾਹਿਤ ਕੀਤਾ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਸੁਰੱਖਿਆ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਇਸ ਗੰਭੀਰ ਸਮੱਸਿਆ ਦਾ ਹੱਲ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਲੋਕ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਹੋਣ। ਇਸ ਲਿਹਾਜ ਨਾਲ ਕਲੱਬ ਦੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਅਖੀਰ ਵਿੱਚ ਲਾਇਨ ਹਰਜਿੰਦਰ ਸਿੰਘ ਖਾਸਲਾ ਨੇ ਸਕਿੱਟ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਮੇਲੇ ਦੇ ਪ੍ਰਬੰਧਕ ਅਤੇ ਫਗਵਾੜਾ ਇੰਵਾਇਰਨਮੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਾਗਬੋਤਰਾ ਨੇ ਵੀ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਵਾਤਾਵਰਣ ਮੇਲਾ ਕਰਵਾਉਣ ਦਾ ਉਦੇਸ਼ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਇਸਦੀ ਸੁਰੱਖਿਆ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਮੈਡਮ ਮੋਨਿਕਾ ਸ਼ਰਮਾ ਨੇ ਸਟੇਜ ਦਾ ਸੰਚਾਲਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ਲਾਇਨ ਸੰਤ ਦੇਵ ਕਾਲੀਆ,ਲਾਇਨ ਨਵੀਨ ਸੂਦ,ਲਾਇਨ ਗੁਰਦੇਵ ਬਾਂਸਲ,ਲਾਇਨ ਗੁਲਬਹਾਰ ਬੱਤਾ,ਲਾਇਨ ਨਵਜੋਤ ਸਿੰਘ, ਲਾਇਨ ਕੁਨਾਲ ਆਦਿ ਹਾਜ਼ਰ ਸਨ।

Posted By: Daily Suraj Bureau

Latest News