Daily Suraj

ਪੰਜਾਬੀ

ਹੈੱਡ ਮਾਸਟਰ ਦਾ ਪ੍ਰੋਮੋਸ਼ਨ ਕੋਟਾ 75% ਕਰਨਾ ਜਥੇਬੰਦੀ ਦੀ ਵੱਡੀ ਜਿੱਤ - ਡੀ.ਟੀ.ਐਫ਼.

01 Jan, 2026 05:16 PM

ਸੰਗਰੂਰ, (ਜਗਸੀਰ ਸਿੰਘ) - ਪ੍ਰਿੰਸੀਪਲਾਂ ਦੀ ਨਿਯੁਕਤੀ ਲਈ ਪ੍ਰੋਮੋਸ਼ਨ ਕੋਟਾ 75% ਕਰਵਾਉਣ ਤੋਂ ਬਾਅਦ ਹੈਡਮਾਸਟਰਾਂ ਲਈ ਵੀ ਪ੍ਰੋਮੋਸ਼ਨ ਕੋਟਾ 75% ਕਰਨ ਦੇ ਰੂਲਾਂ ਦਾ ਨੋਟੀਫਿਕੇਸ਼ਨ ਅੱਜ ਸਿੱਖਿਆ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ |ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਸਾਲ 2018 ਵਿੱਚ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੁੱਢਰ ਢੰਗ ਨਾਲ ਪ੍ਰਿੰਸੀਪਲ, ਹੈੱਡ ਮਾਸਟਰ ਅਤੇ ਬੀ.ਪੀ. ਈ. ਓ. ਲਈ ਪ੍ਰੋਮੋਸ਼ਨ ਕੋਟਾ 75% ਤੋਂ ਘਟਾ ਕੇ 50% ਕਰ ਦਿੱਤਾ ਸੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਕੋਟੇ ਨੂੰ 75% ਕਰਵਾਉਣ ਲਈ ਲਗਾਤਾਰ ਸੱਤ ਸਾਲ ਤੋਂ ਲੜਾਈ ਲੜ ਰਿਹਾ ਸੀ |ਆਖਿਰ ਹੁਣ ਜਥੇਬੰਦੀ ਦੇ ਦਬਾਅ ਹੇਠ ਸਿੱਖਿਆ ਵਿਭਾਗ ਨੇ 2018 ਵਾਲੇ ਨਿਯਮ ਬਦਲ ਕੇ ਦੁਬਾਰਾ ਪ੍ਰੋਮੋਸ਼ਨ ਦਾ ਕੋਟਾ 75% ਕਰ ਦਿੱਤਾ ਸੀ ਅਤੇ ਪ੍ਰਿੰਸੀਪਲ ਦੇ ਨਵੇਂ ਰੂਲਜ਼ ਦੇ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਅੱਜ ਹੈਡਮਾਸਟਰ ਦੇ 75% ਪ੍ਰੋਮੋਸ਼ਨ ਕੋਟਾ ਕਰਨ ਦੇ ਰੂਲਜ਼ ਦਾ ਵੀ ਨੋਟੀਫਿਕੇਸ਼ਨ ਹੋ ਗਿਆ ਹੈ |ਆਗੂਆਂ ਨੇ ਇਸ ਨੂੰ ਜਥੇਬੰਦੀ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਇਹਨਾਂ ਸੋਧੇ ਹੋਏ ਰੂਲਜ਼ ਨਾਲ ਸਕੂਲਾਂ ਨੂੰ ਤਜ਼ਰਬੇਕਾਰ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ. ਪੀ. ਈ.ਓਜ਼. ਮਿਲਣਗੇ|
 

ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਵਿੱਤ ਸਕੱਤਰ ਯਾਦਵਿੰਦਰ ਪਾਲ, ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਸਕੂਲਾਂ ਵਿੱਚ 50% ਤੋਂ ਵੱਧ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ. ਪੀ. ਈ. ਓਜ਼. ਦੀਆਂ ਪੋਸਟਾਂ ਖਾਲੀ ਪਈਆਂ ਹਨ |ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ਉੱਪਰ ਤੁਰੰਤ ਪ੍ਰੋਮੋਸ਼ਨ ਕੋਟੇ ਅਨੁਸਾਰ ਪ੍ਰੋਮੋਸ਼ਨਾਂ ਕੀਤੀਆਂ ਜਾਣ ਤੇ ਬੀ. ਪੀ. ਈ. ਓਜ਼. ਦੇ ਸੋਧੇ ਰੂਲਾਂ ਦਾ ਨੋਟੀਫਿਕੇਸ਼ਨ ਵੀ ਤੁਰੰਤ ਕੀਤਾ ਜਾਵੇ ।

Posted By: Daily Suraj Bureau

Latest News