Daily Suraj

ਪੰਜਾਬੀ

ਜੀ.ਆਰ.ਡੀ. ਕਾਲਜ ਫਗਵਾੜਾ ਵਿਖੇ ਮਨਾਈ ਸਵਾਮੀ ਵਿਵੇਕਾਨੰਦ ਦੀ 164ਵੀਂ ਜਯੰਤੀ

19 Jan, 2026 02:27 AM

ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਸੇਧ ਲੈਣ ਨੌਜਵਾਨ-ਡਾ.ਨੀਲਮ ਸੇਠੀ ਫਗਵਾੜਾ (ਅਸ਼ੋਕ ਸ਼ਰਮਾ) ਜੀ.ਆਰ.ਡੀ. ਕੋਐਜੁਕੇਸ਼ਨ ਕਾਲਜ ਫਗਵਾੜਾ ਵਿਖੇ ਸਵਾਮੀ ਵਿਵੇਕਾਨੰਦ ਦੀ 164ਵੀਂ ਜਯੰਤੀ ‘ਯੁਵਾ ਦਿਵਸ’ ਵਜੋਂ ਮਨਾਈ ਗਈ। ਇਸ ਦੌਰਾਨ ਜੀ.ਆਰ.ਡੀ. ਟਰੱਸਟ ਦੇ ਜਨਰਲ ਸਕੱਤਰ ਤਾਰਾ ਚੰਦ ਚੁੰਬਰ, ਵਿੱਤ ਸਕੱਤਰ ਬਖਸ਼ੀਸ਼ ਸਿੰਘ ਬਾਗਲਾ ਅਤੇ ਟਰੱਸਟੀ ਮੈਂਬਰ ਅਸ਼ੋਕ ਭਾਟੀਆ ਤੇ ਡਾ. ਤੀਰਥ ਰਾਮ ਬਸਰਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਿਹਨਾਂ ਦਾ ਸਵਾਗਤ ਕਾਲਜ ਦੇ ਡਾਇਰੈਕਟਰ ਐਜੂਕੇਸ਼ਨ ਡਾ. ਨੀਲਮ ਸੇਠੀ ਅਤੇ ਕਾਲਜ ਪਿ੍ਰੰਸੀਪਲ ਗੁਰਜੀਤ ਕੌਰ ਵਲੋਂ ਕੀਤਾ ਗਿਆ। ਡਾ. ਨੀਲਮ ਸੇਠੀ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਸਫਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਯੁਵਾ ਅਵਸਥਾ ਵਿੱਚ ਹੀ ਉਨ੍ਹਾਂ ਨੇ ਭਾਰਤ ਦੇ ਨਾਮ ਨੂੰ ਦੁਨੀਆ ਭਰ ਵਿੱਚ ਚਮਕਾਇਆ। ਉਹਨਾਂ ਵਲੋਂ 11 ਸਤੰਬਰ 1893 ਨੂੰ ਸ਼ਿਕਾਗੋ (ਅਮਰੀਕਾ) ਵਿਖੇ ਦਿੱਤੇ ਗਏ ਭਾਸ਼ਣ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸਿਰਫ 39 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਨੌਜਵਾਨ ਪੀੜ੍ਹੀ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਸੇਧ ਲੈ ਕੇ ਦੇਸ਼ ਸੇਵਾ ‘ਚ ਯੋਗਦਾਨ ਪਾਉਣਾ ਚਾਹੀਦਾ ਹੈ। ਮੁੱਖ ਮਹਿਮਾਨ ਤਾਰਾ ਚੰਦ ਚੁੰਬਰ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਬੀ.ਕਾਮ ਦੀ ਵਿਦਿਆਰਥਣ ਅੰਜਲੀ ਵਲੋਂ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਰਿਤੀਕਾ ਵਲੋਂ ਪੇਸ਼ ਕੀਤੀ ਕਵਿਤਾ ਨੂੰ ਵੀ ਹਾਜਰੀਨ ਵਲੋਂ ਸਰਾਹਿਆ ਗਿਆ। ਬੀ.ਸੀ.ਏ. ਦੀ ਵਿਦਿਆਰਥਣ ਲਵਪ੍ਰੀਤ ਨੇ ਸਵਾਮੀ ਵਿਵੇਕਾਨੰਦ ਦੀਆਂ ਯਾਤਰਾਵਾਂ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਦੇ ਕਵਿੱਜ ਮੁਕਾਬਲੇ ਦੌਰਾਨ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਵਿੱਤ ਸਕੱਤਰ ਬੀ.ਐਸ. ਬਾਗਲਾ ਨੇ ਸਵਾਮੀ ਜੀ ਦੇ ਵਢਮੁੱਲੇ ਵਿਚਾਰਾਂ ਨੂੰ ਜੀਵਨ ਵਿੱਚ ਢਾਲ ਕੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਅਸ਼ੋਕ ਭਾਟੀਆ ਨੇ ਸਵਾਮੀ ਜੀ ਦੀਆਂ ਲਿਖੀਆਂ ਕਿਤਾਬਾਂ ਨੂੰ ਪੜ੍ਹਨ ਅਤੇ ਸੇਧ ਲੈਣ ਲਈ ਪ੍ਰੇਰਿਆ। ਡਾ. ਤੀਰਥ ਰਾਮ ਬਸਰਾ ਨੇ ਕਿਹਾ ਕਿ ਅਣਥਕ ਮਿਹਨਤ ਹੀ ਤਰੱਕੀ ਦੇ ਰਾਸਤੇ ‘ਤੇ ਲਿਜਾ ਸਕਦੀ ਹੈ। ਅਸਿਸਟੈਂਟ ਪ੍ਰੋਫੈਸਰ ਰੁਪਿੰਦਰਜੀਤ ਕੌਰ ਨੇ ਯੁਵਾ ਏ.ਆਈ. ਬਾਰੇ ਚਾਨਣਾ ਪਾਇਆ। ਮਹਿਮਾਨਾਂ ਵਲੋਂ ‘ਯੁਵਾ ਦਿਵਸ’ ਸਮਾਗਮ ‘ਚ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਜਸਵਿੰਦਰ ਕੌਰ ਅਤੇ ਮਿਨਾਕਸ਼ੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।

Posted By: Daily Suraj Bureau

Latest News