Daily Suraj

ਪੰਜਾਬੀ

ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਨਾਲ ਹੜਕੰਪ, 15 ਟ੍ਰੈਕਰਾਂ ਨੂੰ ਬਚਾਇਆ ਗਿਆ

08 May, 2026 04:04 PM

ਇੰਡੋਨੇਸ਼ੀਆ ਦੇ ਨਾਰਥ ਹਲਮਹੇਰਾ ਖੇਤਰ ਵਿੱਚ ਸਥਿਤ ਮਾਊਂਟ ਡੁਕੋਨੋ ਜਵਾਲਾਮੁਖੀ ਵਿੱਚ ਸ਼ੁੱਕਰਵਾਰ ਸਵੇਰੇ ਹੋਏ ਭਿਆਨਕ ਵਿਸਫੋਟ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਸਮੇਤ ਤਿੰਨ ਟ੍ਰੈਕਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਸਾਰੇ ਟ੍ਰੈਕਰ ਉਸ ਵੇਲੇ ਪਾਬੰਦੀਸ਼ੁਦਾ ਖੇਤਰ ਵਿੱਚ ਮੌਜੂਦ ਸਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਦੋਂ ਜਵਾਲਾਮੁਖੀ ਵਿੱਚ ਧਮਾਕਾ ਹੋਇਆ, ਉਸ ਸਮੇਂ ਕੁੱਲ 20 ਟ੍ਰੈਕਰ ਪਹਾੜੀ ਖੇਤਰ ਵਿੱਚ ਮੌਜੂਦ ਸਨ। ਇਨ੍ਹਾਂ ਵਿੱਚੋਂ ਨੌਂ ਸਿੰਗਾਪੁਰ ਦੇ ਨਾਗਰਿਕ ਸਨ, ਜਦਕਿ ਬਾਕੀ ਇੰਡੋਨੇਸ਼ੀਆ ਨਾਲ ਸਬੰਧਤ ਸਨ। ਰਾਹਤ ਅਤੇ ਬਚਾਅ ਟੀਮਾਂ ਨੇ ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਤੌਰ ’ਤੇ ਹੇਠਾਂ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕੁਝ ਲੋਕਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ। ਵਿਸਫੋਟ ਤੋਂ ਬਾਅਦ ਜਵਾਲਾਮੁਖੀ ਵਿੱਚੋਂ ਕਰੀਬ 10 ਕਿਲੋਮੀਟਰ ਉੱਚਾਈ ਤੱਕ ਧੂੰਏਂ ਅਤੇ ਰਾਖ ਦਾ ਵੱਡਾ ਗੁਬਾਰ ਨਿਕਲਿਆ, ਜਿਸ ਕਾਰਨ ਨੇੜਲੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁਆਹ ਪੈਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਇੰਡੋਨੇਸ਼ੀਆ ਦੀ ਜਵਾਲਾਮੁਖੀ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਦਸੰਬਰ ਮਹੀਨੇ ਤੋਂ ਹੀ ਕਰੇਟਰ ਦੇ ਚਾਰ ਕਿਲੋਮੀਟਰ ਦਾਇਰੇ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਟ੍ਰੈਕਰਾਂ ਦੇ ਉਥੇ ਪਹੁੰਚਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟ੍ਰੈਕਿੰਗ ਗਾਈਡ ਅਤੇ ਇੱਕ ਪੋਰਟਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਟ੍ਰੈਕਰ ਪਾਬੰਦੀਸ਼ੁਦਾ ਖੇਤਰ ਤੱਕ ਕਿਵੇਂ ਪਹੁੰਚੇ।

Posted By: Daily Suraj Bureau

Latest News