Daily Suraj

ਪੰਜਾਬੀ

ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ

21 Oct, 2020 05:30 AM

ਭਗਤਾ ਭਾਈ, 21 ਅਕਤੂਬਰ (ਪ.ਪ) ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਸਰਕਾਰੀ ਹਸਪਤਾਲ ਭਗਤਾ ਭਾਈ ਵਿੱਖੇ ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਸੈਮੀਨਾਰ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਇਉਡੀਨ ਤੱਤ ਰਸਾਇਣ ਸਰੀਰ ਦੇ ਵਧਣ ਫੁੱਲਣ 'ਚ ਬਹੁਤ ਮਹੱਤਵਪੂਰਨ ਹੈ। ਰੋਜ਼ਾਨਾ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਥਾਇਰਾਇਡ ਗਲੈਂਡ (ਗਲੇ ਦੀ ਗ੍ਰੰਥੀ) ਆਕਾਰ ਵਿੱਚ ਵੱਧ ਜਾਂਦੀ ਹੈ,ਜਿਸ ਨੂੰ ਗਿਲੜ ਕਹਿੰਦੇ ਹਨ। ਆਇਓਡੀਨ ਦੀ ਘਾਟ ਨਾਲ ਸ਼ਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ। ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਤੱਤ ਦੀ ਘਾਟ ਹੋਣ ਨਾਲ ਗਰਭਪਾਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਾਂ ਬੱਚਾ ਜਮਾਂਦਰੂ ਨੁਕਸ ਵਾਲਾ ਅਤੇ ਮਰਿਆ ਬੱਚਾ ਪੈਦਾ ਹੋ ਸਕਦਾ ਹੈ। ਨਵਜੰਮਿਆ ਬੱਚਾ ਗੂੰਗਾ, ਬੋਲਾ, ਸ਼ਰੀਰਕ ਵਿਕਾਰ, ਭੈਂਗਾਪਣ ਵਾਲਾ ਵੀ ਹੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੁੰਦਰੀ ਪਾਣੀ ਤੋ ਤਿਆਰ ਕੀਤਾ ਨਮਕ ਤੇ ਸਮੁੰਦਰੀ ਮੱਛੀ ਇਸ ਦੇ ਮੁੱਖ ਸੋਮੇ ਹਨ। ਇਸ ਤੋਂ ਇਲਾਵਾ ਦੁੱਧ ਦਹੀ ਦੀ ਵਰਤੋਂ ਵੀ ਰੋਜ਼ਾਨਾ ਖੁਰਾਕ ਵਿੱਚ ਜਰੂਰ ਕਰਨੀ ਚਾਹੀਦੀ ਹੈ। ਸਰਕਾਰ ਨੇ ਆਇਉਡੀਨ ਦੀ ਮਾਤਰਾ ਤੋਂ ਬਿਨਾਂ ਲੂਣ ਵੇਚਣ ਤੇ ਪਾਬੰਦੀ ਲਾ ਦਿਤੀ ਹੈ।ਖਰੀਦਿਆ ਲੂਣ ਛੇ ਮਹੀਨੇ ਵਿੱਚ ਵਰਤੋ।ਇਸਦੇ ਡੱਬੇ ਨੂੰ ਅੱਗ ਜਾਂ ਸਲਾਭੇ ਤੋਂ ਦੂਰ ਰੱਖੋ ਨਹੀਂ ਤਾਂ ਤੱਤ ਨਸ਼ਟ ਹੋ ਜਾਣਗੇ। ਸੈਮੀਨਾਰ ਵਿੱਚ ਹਸਪਤਾਲ ਇਲਾਜ ਕਰਵਾਉਣ ਆਏ ਮਰੀਜਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿਹਤ ਮੁਲਾਜਮਾਂ ਨੇ ਭਾਗ ਲਿਆ।

Posted By: Daily Suraj Bureau

Latest News