ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵਧੇ ਪਰਾਲੀ ਸਾੜਨ ਦੇ ਮਾਮਲੇ; ਝੋਨੇ ਦੀ 88 ਫ਼ੀਸਦ ਕਟਾਈ ਮੁਕੰਮਲ
ਦੀਵਾਲੀ ਦੇ ਤਿਉਹਾਰ ਤੋਂ ਐਨ ਪਹਿਲਾਂ ਉੱਤਰੀ ਭਾਰਤ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਤੇਜ਼ੀ ਆਈ ਹੈ, ਜਿਸ ਵਿੱਚ ਪੰਜਾਬ ਸਭ ਤੋਂ ਅੱਗੇ ਨਿਕਲ ਗਿਆ ਹੈ। ਮੌਜੂਦਾ ਅੰਕੜਿਆਂ ਮੁਤਾਬਕ ਉੱਤਰੀ ਭਾਰਤ ਵਿੱਚ ਪਰਾਲੀ ਸਾੜਨ ਦੇ ਸਾਹਮਣੇ ਆਏ ਕੁੱਲ ਮਾਮਲਿਆਂ ਵਿੱਚੋਂ ਕਰੀਬ 50 ਫ਼ੀਸਦ ਕੇਸ ਇਕੱਲੇ ਪੰਜਾਬ ਨਾਲ ਸਬੰਧਤ ਹਨ। ਹਾਲਾਂਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਇਸ ਪ੍ਰਵਿਰਤੀ 'ਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ, ਪਰ ਇਸ ਦੇ ਬਾਵਜੂਦ ਹੋਰਨਾਂ ਸੂਬਿਆਂ ਦੀ ਤੁਲਨਾ ਵਿੱਚ ਪੰਜਾਬ ਅਜੇ ਵੀ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਲੰਘੇ ਦਿਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਸਾਢੇ ਚਾਰ ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 5,637 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 2,787 ਕੇਸ ਇਕੱਲੇ ਪੰਜਾਬ ਦੇ ਹਨ, ਜਦੋਂ ਕਿ ਰਾਜਸਥਾਨ ਵਿੱਚ 1,039, ਮੱਧ ਪ੍ਰਦੇਸ਼ ਵਿੱਚ 1,081, ਉੱਤਰ ਪ੍ਰਦੇਸ਼ ਵਿੱਚ 456, ਉੱਤਰਾਖੰਡ ਵਿੱਚ 192, ਹਰਿਆਣਾ ਵਿੱਚ 80 ਅਤੇ ਦਿੱਲੀ ਵਿੱਚ ਸਿਰਫ਼ 2 ਕੇਸ ਦਰਜ ਕੀਤੇ ਗਏ ਹਨ। ਬੀਤੇ ਦਿਨ ਪੰਜਾਬ ਵਿੱਚ 440 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਹਰਿਆਣਾ ਵਿੱਚ ਇਹ ਗਿਣਤੀ ਮਹਿਜ਼ ਡੇਢ ਦਰਜਨ ਦੇ ਆਸ-ਪਾਸ ਰਹੀ। ਪੰਜਾਬ ਵਿੱਚ ਚਾਲੂ ਝੋਨੇ ਦੇ ਸੀਜ਼ਨ ਦੌਰਾਨ ਹੁਣ ਤੱਕ ਕੁੱਲ 2,787 ਮਾਮਲੇ ਰਿਪੋਰਟ ਹੋਏ ਹਨ, ਜੋ ਕਿ ਪਿਛਲੇ ਸਾਲ ਦੇ 2,933 ਦੇ ਅੰਕੜੇ ਦੇ ਕਾਫ਼ੀ ਨੇੜੇ ਹਨ। ਸੂਬੇ ਵਿੱਚ ਹੁਣ ਤੱਕ ਝੋਨੇ ਦੀ ਕਟਾਈ ਦਾ 88 ਫ਼ੀਸਦ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਵਾਰ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਖੇਤਾਂ ਵਿੱਚ ਖੜੋਤ ਆਉਣ ਕਰਕੇ ਕਟਾਈ ਦਾ ਕੰਮ ਕੁਝ ਪਛੜ ਗਿਆ ਸੀ। ਸਿਆਸੀ ਮਾਹਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਰਾਲੀ ਦੇ ਮੁੱਦੇ 'ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਬਚਣਾ ਚਾਹੁੰਦੀ ਹੈ। ਦੂਜੇ ਪਾਸੇ, ਸੂਬੇ ਦੇ ਅੱਧੀ ਦਰਜਨ ਜ਼ਿਲ੍ਹਿਆਂ ਤੋਂ ਰਾਹਤ ਭਰੀ ਖ਼ਬਰ ਵੀ ਹੈ, ਜਿੱਥੇ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਕੇਸਾਂ ਵਿੱਚ ਕਮੀ ਆਈ ਹੈ। ਸੰਗਰੂਰ, ਮੋਹਾਲੀ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਘਟੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਕਾਕਾ ਸਿੰਘ ਕੋਟੜਾ ਅਨੁਸਾਰ ਮਾਲਵਾ ਖੇਤਰ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਲਈ ਆਪਣੇ ਪੱਧਰ 'ਤੇ ਕਈ ਠੋਸ ਕਦਮ ਚੁੱਕੇ ਹਨ, ਜਿਸ ਕਾਰਨ ਕਿਸਾਨ ਅੱਗ ਲਾਉਣ ਤੋਂ ਗੁਰੇਜ਼ ਕਰ ਰਹੇ ਹਨ। ਜ਼ਿਲ੍ਹੇਵਾਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਤਰਨ ਤਾਰਨ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ 586 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਫ਼ਿਰੋਜ਼ਪੁਰ 361 ਕੇਸਾਂ ਨਾਲ ਦੂਜੇ ਅਤੇ ਸੰਗਰੂਰ 240 ਕੇਸਾਂ ਨਾਲ ਤੀਜੇ ਨੰਬਰ 'ਤੇ ਹੈ। ਸਭ ਤੋਂ ਘੱਟ ਮਾਮਲਿਆਂ ਵਿੱਚ ਪਠਾਨਕੋਟ ਜ਼ਿਲ੍ਹੇ 'ਚ ਸਿਰਫ਼ 1 ਕੇਸ ਅਤੇ ਰੋਪੜ ਜ਼ਿਲ੍ਹੇ ਵਿੱਚ 4 ਕੇਸ ਸਾਹਮਣੇ ਆਏ ਹਨ।