Daily Suraj

ਪੰਜਾਬੀ

ਪੂਰਬੀ ਕਾਂਗੋ ਵਿੱਚ ਭੂਸਖਲਨ ਹਾਦਸਾ, ਰੁਬਾਯਾ ਖਾਨ ’ਚ ਸੈਂਕੜੇ ਲੋਕ ਮਰੇ

31 Jan, 2026 02:34 PM

ਅਫਰੀਕੀ ਦੇਸ਼ ਕਾਂਗੋ ਗਣਰਾਜ ਦੇ ਪੂਰਬੀ ਹਿੱਸੇ ਵਿੱਚ ਸਥਿਤ ਰੁਬਾਯਾ ਕੋਲਟਨ ਖਾਨ ਵਿੱਚ ਜ਼ਮੀਨ ਖਿਸਕਣ (Landslide) ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ, ਜਦੋਂ ਬਾਰਸ਼ ਦੇ ਮੌਸਮ ਕਾਰਨ ਜ਼ਮੀਨ ਕਮਜ਼ੋਰ ਹੋ ਗਈ ਅਤੇ ਖਾਨ ਢਹਿ ਗਈ। ਗਵਰਨਰ ਦੇ ਬੁਲਾਰੇ ਲੁਬੰਬਾ ਕੰਬੇਰੇ ਮੁਈਸਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਮਾਈਨਿੰਗ ਮਜ਼ਦੂਰ, ਬੱਚੇ ਅਤੇ ਬਾਜ਼ਾਰ ਵਿੱਚ ਸਬਜ਼ੀ-ਫਲ ਵੇਚਣ ਵਾਲੀਆਂ ਔਰਤਾਂ ਸ਼ਾਮਲ ਹਨ। ਹਾਲਾਂਕਿ, ਸ਼ੁੱਕਰਵਾਰ ਸ਼ਾਮ ਤੱਕ ਮਰਨ ਵਾਲਿਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ, ਕਿਉਂਕਿ ਮਲਬੇ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਮੁਈਸਾ ਨੇ ਕਿਹਾ “ਕੁਝ ਨੂੰ ਸਮੇਂ ਸਿਰ ਬਚਾ ਲਿਆ ਗਿਆ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹਨ। ਲਗਭਗ 20 ਜ਼ਖਮੀਆਂ ਦਾ ਸਿਹਤ ਕੇਂਦਰਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ,”। ਇਹ ਖਾਨ ਇਸ ਲਈ ਬੇਹੱਦ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਇੱਥੋਂ ਨਿਕਲਣ ਵਾਲਾ ਕੋਲਟਨ ਦੁਨੀਆ ਭਰ ਵਿੱਚ ਇਸਤੇਮਾਲ ਹੁੰਦਾ ਹੈ। ਕੋਲਟਨ ਤੋਂ ਟੈਂਟਲਮ ਨਾਂ ਦੀ ਧਾਤ ਬਣਦੀ ਹੈ, ਜਿਸਦੀ ਵਰਤੋਂ ਮੋਬਾਈਲ ਫੋਨ, ਕੰਪਿਊਟਰ, ਏਅਰੋਸਪੇਸ ਉਪਕਰਣ ਅਤੇ ਗੈਸ ਟਰਬਾਈਨਾਂ ਵਰਗੀਆਂ ਆਧੁਨਿਕ ਤਕਨੀਕਾਂ ਵਿੱਚ ਕੀਤੀ ਜਾਂਦੀ ਹੈ।

Latest News