ਭਾਰਤ ਬੰਦ ਦੌਰਾਨ ਪੰਜਾਬ ‘ਚ ਸਿਆਸੀ ਸਰਗਰਮੀਆਂ ਤੇਜ਼
ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਦੇਸ਼ਵਿਆਪੀ ਹੜਤਾਲ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਯਾਨੀ 12 ਫਰਵਰੀ ਨੂੰ ਦਿੱਤੇ ਗਏ ਦੇਸ਼ਵਿਆਪੀ ਹੜਤਾਲ ਦੇ ਸੱਦੇ ਨੂੰ ਆਪਣਾ ਪੂਰਾ ਸਮਰਥਨ ਦੇ ਦਿੱਤਾ ਹੈ। ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਤੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ‘ਮਜ਼ਦੂਰ ਵਿਰੋਧੀ ਲੇਬਰ ਨੀਤੀਆਂ’ ਅਤੇ ‘ਕਿਸਾਨ ਵਿਰੋਧੀ ਆਰਥਿਕ ਫੈਸਲਿਆਂ’ ਨੇ ਦੇਸ਼ ਦੇ ਮਿਹਨਤਕਸ਼ ਵਰਗ ਦਾ ਲੱਕ ਤੋੜ ਦਿੱਤਾ ਹੈ। ‘ਆਪ’ ਨੇ ਐਲਾਨ ਕੀਤਾ ਹੈ ਕਿ ਪੂਰੇ ਪੰਜਾਬ ਅਤੇ ਦੇਸ਼ ਭਰ ਵਿੱਚ ਪਾਰਟੀ ਦੇ ਵਰਕਰ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮਿਲ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਗੇ। ਪਾਰਟੀ ਨੇ ਦੋਸ਼ ਲਾਇਆ ਕਿ ਕੇਂਦਰ ਵੱਲੋਂ ਲਿਆਂਦੇ ਗਏ ਨਵੇਂ ਕਿਰਤ ਕੋਡ ਮਜ਼ਦੂਰਾਂ ਦੀ ਨੌਕਰੀ ਦੀ ਸੁਰੱਖਿਆ ਨੂੰ ਖ਼ਤਮ ਕਰਦੇ ਹਨ ਅਤੇ ਮਾਲਕਾਂ ਨੂੰ ਕਰਮਚਾਰੀਆਂ ਨੂੰ ਕੱਢਣ ਦੀ ਖੁੱਲ੍ਹ ਦਿੰਦੇ ਹਨ। ਸੰਯੁਕਤ ਕਿਸਾਨ ਮੋਰਚਾ (SKM) ਨੇ ਵੀ ਇਸ ਹੜਤਾਲ ਵਿੱਚ ਸ਼ਾਮਲ ਹੋ ਕੇ ਕੇਂਦਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਨਾਲ ਇਹ ਅੰਦੋਲਨ ਹੋਰ ਵੀ ਵੱਡਾ ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
Posted By: Daily Suraj Bureau