Daily Suraj

ਪੰਜਾਬੀ

ਗਾਜ਼ੀਆਬਾਦ ‘ਚ 15 ਮੰਜ਼ਿਲਾ ਇਮਾਰਤ ਨੂੰ ਅੱਗ, 7 ਮੰਜ਼ਿਲਾਂ ਹੋਈਆਂ ਪ੍ਰਭਾਵਿਤ

29 Apr, 2026 04:08 PM

ਗਾਜ਼ੀਆਬਾਦ ਦੇ ਇੰਦਰਾਪੁਰਮ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ 15 ਮੰਜ਼ਿਲਾ ਅਪਾਰਟਮੈਂਟ ਵਿੱਚ ਭਿਆਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਇਹ ਘਟਨਾ ਸਵੇਰੇ ਕਰੀਬ 8:30 ਵਜੇ Gaur Green Avenue Society ਦੇ ਟਾਵਰ ਡੀ ਵਿੱਚ ਵਾਪਰੀ, ਜਿੱਥੇ 9ਵੀਂ ਮੰਜ਼ਿਲ ‘ਤੇ ਲੱਗੀ ਅੱਗ ਕੁਝ ਹੀ ਸਮੇਂ ਵਿੱਚ ਸੱਤ ਮੰਜ਼ਿਲਾਂ ਤੱਕ ਫੈਲ ਗਈ। ਅੱਗ ਦੀਆਂ ਲਪਟਾਂ ਕਾਫੀ ਉੱਚਾਈ ਤੱਕ ਦਿਖਾਈ ਦਿੱਤੀਆਂ, ਜਦਕਿ ਧੂੰਆਂ ਲਗਭਗ 5 ਕਿਲੋਮੀਟਰ ਦੂਰ ਤੱਕ ਵੇਖਿਆ ਗਿਆ। ਖੁਸ਼ਕਿਸਮਤੀ ਨਾਲ ਇਮਾਰਤ ਵਿੱਚ ਰਹਿਣ ਵਾਲੇ ਵਸਨੀਕ ਆਪਣੀ ਜਾਨ ਬਚਾਉਣ ਵਿੱਚ ਸਫਲ ਰਹੇ ਅਤੇ ਉਹ ਪੌੜੀਆਂ ਰਾਹੀਂ ਹੇਠਾਂ ਉਤਰ ਆਏ। ਕਈ ਔਰਤਾਂ ਆਪਣੇ ਘਰਾਂ ਨੂੰ ਸੜਦਾ ਦੇਖ ਕੇ ਰੋਦੀਆਂ ਨਜ਼ਰ ਆਈਆਂ। ਧੂੰਏਂ ਦੇ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਮਾਰਤ ਦੇ ਉੱਪਰੀ ਹਿੱਸੇ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਹਾਈਡ੍ਰੌਲਿਕ ਕਰੇਨ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਨੇੜਲੇ ਮਕਾਨਾਂ ਦੇ ਲੋਕਾਂ ਨੇ ਵੀ ਪਾਈਪਾਂ ਦੀ ਮਦਦ ਨਾਲ ਅੱਗ ਬੁਝਾਉਣ ਵਿੱਚ ਸਹਿਯੋਗ ਦਿੱਤਾ। ਕਰੀਬ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਪੁਲਿਸ ਅਤੇ ਐਂਬੂਲੈਂਸ ਟੀਮਾਂ ਵੀ ਤਾਇਨਾਤ ਹਨ। ਸੁਰੱਖਿਆ ਦੇ ਮੱਦੇਨਜ਼ਰ ਇਮਾਰਤ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਹ ਘਟਨਾ ਇੰਦਰਾਪੁਰਮ ਦੇ ਅਭੈ ਖੰਡ ਇਲਾਕੇ ਵਿੱਚ ਵਾਪਰੀ।

Posted By: Daily Suraj Bureau

Latest News