Daily Suraj

ਪੰਜਾਬੀ

ਨਿਤੀਸ਼ ਕਤਾਰਾ ਮਾਮਲਾ: ਵਿਕਾਸ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ

27 Feb, 2026 04:59 PM

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਤੀਸ਼ ਕਟਾਰਾ ਕਤਲ ਕੇਸ ਦੇ ਦੋਸ਼ੀ ਵਿਕਾਸ ਯਾਦਵ ਦੀ ਪੈਰੋਲ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਵਿਕਾਸ ਯਾਦਵ ਸਾਲ 2002 ਵਿੱਚ ਹੋਏ ਇਸ ਕਤਲ ਦੇ ਦੋਸ਼ ਹੇਠ ਬਿਨਾਂ ਕਿਸੇ ਛੋਟ ਦੇ 25 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਕਿਹਾ ਕਿ ਉਹ ਪਿਛਲੇ 23 ਸਾਲਾਂ ਤੋਂ ਜੇਲ੍ਹ ਵਿੱਚ ਹੈ, ਇਸ ਲਈ ਉਸ ਨੂੰ ਹੋਲੀ ਦੇ ਤਿਉਹਾਰ ਦੌਰਾਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ 7 ਮਾਰਚ ਤੱਕ ਜੇਲ੍ਹ ਤੋਂ ਬਾਹਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੇ ਬੈਂਚ ਨੇ ਕਿਹਾ ਕਿ ਅਜਿਹੀ ਰਾਹਤ ਕਦੇ-ਕਦੇ ਅਪਰਾਧੀਆਂ ਦੀ ਬਿਰਤੀ ਵਿਚ ਸੁਧਾਰ ਲਿਆਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਅਦਾਲਤ ਨੇ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਦੇ ਵਕੀਲ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਸਖ਼ਤ ਟਿੱਪਣੀ ਕੀਤੀ ਕਿ 23 ਸਾਲ ਬੀਤ ਜਾਣ ਤੋਂ ਬਾਅਦ ਵੀ ਗੱਲਾਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 11 ਫਰਵਰੀ ਨੂੰ ਵਿਕਾਸ ਦੀ 21 ਦਿਨਾਂ ਦੀ ਪੈਰੋਲ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਉਹ ਦਿੱਲੀ ਜੇਲ੍ਹ ਨਿਯਮਾਂ ਤਹਿਤ ਇਸ ਰਾਹਤ ਲਈ ਯੋਗ ਨਹੀਂ ਹੈ। ਵਿਕਾਸ ਯਾਦਵ ਉੱਤਰ ਪ੍ਰਦੇਸ਼ ਦੇ ਸਾਬਕਾ ਸਿਆਸਤਦਾਨ ਡੀ.ਪੀ. ਯਾਦਵ ਦਾ ਪੁੱਤਰ ਹੈ। ਉਸ ਨੇ ਆਪਣੇ ਚਚੇਰੇ ਭਰਾ ਵਿਸ਼ਾਲ ਯਾਦਵ ਨਾਲ ਮਿਲ ਕੇ ਨਿਤੀਸ਼ ਕਟਾਰਾ ਦਾ ਇਸ ਲਈ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਆਪਣੀ ਭੈਣ ਭਾਰਤੀ ਯਾਦਵ ਦੇ ਨਿਤੀਸ਼ ਨਾਲ ਸਬੰਧਾਂ ਦੇ ਖਿਲਾਫ ਸੀ।

Posted By: Daily Suraj Bureau

Latest News