ਕੈਨੇਡਾ ਪੁਲੀਸ ਦਾ ਵੱਡਾ ਖੁਲਾਸਾ: ਸੈਲਾਨੀ ਬਣ ਕੇ ਆਏ ਅਪਰਾਧੀ ਗਿਰੋਹਾਂ ਦਾ ਪਰਦਾਫਾਸ਼
ਕੈਨੇਡਾ ਦੀ ਦੁਰਾਮ ਖੇਤਰੀ ਪੁਲੀਸ ਨੇ ‘ਪ੍ਰੋਜੈਕਟ ਜੈਟਸੈਟਰ’ ਤਹਿਤ ਕੀਤੀ ਗਈ ਲੰਬੀ ਜਾਂਚ ਦੌਰਾਨ ਇੱਕ ਅਜਿਹੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਕਥਿਤ ਤੌਰ ’ਤੇ ਸੈਲਾਨੀ ਬਣ ਕੇ ਕੈਨੇਡਾ ਪਹੁੰਚੇ ਵਿਦੇਸ਼ੀ ਨਾਗਰਿਕ ਅਪਰਾਧਿਕ ਗਤੀਵਿਧੀਆਂ ਰਾਹੀਂ ਧਨ ਕਮਾਉਣ ਵਿੱਚ ਸ਼ਾਮਲ ਸਨ। ਪੁਲੀਸ ਨੇ ਇਸ ਰੁਝਾਨ ਨੂੰ “ਕ੍ਰਿਮੀਨਲ ਟੂਰਿਜ਼ਮ” ਦਾ ਨਾਂ ਦਿੰਦਿਆਂ ਦੇਸ਼ ਦੇ ਅਵਾਸ ਵਿਭਾਗ ਅਤੇ ਖੁਫੀਆ ਏਜੰਸੀਆਂ ਨੂੰ ਹੋਰ ਚੌਕਸ ਰਹਿਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਦੁਰਾਮ ਖੇਤਰੀ ਪੁਲੀਸ ਦੇ ਮੁਖੀ ਪੀਟਰ ਮੋਰੈਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਚੋਰੀ, ਲੁੱਟ, ਵਾਹਨ ਚੋਰੀ ਅਤੇ ਬਜ਼ੁਰਗਾਂ ਨਾਲ ਫੋਨ ਰਾਹੀਂ ਕੀਤੀਆਂ ਜਾਣ ਵਾਲੀਆਂ ਠੱਗੀਆਂ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਪਰਾਧ ਵਿਦੇਸ਼ਾਂ ਤੋਂ ਆਏ ਸੰਗਠਿਤ ਗਿਰੋਹਾਂ ਵੱਲੋਂ ਕੀਤੇ ਜਾ ਰਹੇ ਸਨ। ਜਾਂਚ ਅਨੁਸਾਰ ਇਹ ਲੋਕ ਕਥਿਤ ਤੌਰ ’ਤੇ ਅਪਰਾਧਿਕ ਮਨਸੂਬਿਆਂ ਨਾਲ ਹੀ ਸੈਲਾਨੀ ਬਣ ਕੇ ਕੈਨੇਡਾ ਆਏ ਸਨ। ਪੁਲੀਸ ਮੁਤਾਬਕ ਹੁਣ ਤੱਕ 164 ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਬਹੁਤੇ ਰੋਮਾਨੀਆ ਨਾਲ ਸਬੰਧਤ ਹਨ, ਜਦਕਿ ਕੁਝ ਭਾਰਤ ਨਾਲ ਜੁੜੇ ਹੋਏ ਹਨ। ਪਛਾਣੇ ਗਏ ਵਿਅਕਤੀਆਂ ਵਿੱਚੋਂ 46 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 64 ਹੋਰ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਹਨ ਤਾਂ ਜੋ ਲੋਕ ਉਨ੍ਹਾਂ ਦੀ ਪਛਾਣ ਕਰਨ ਅਤੇ ਪੁਲੀਸ ਦੀ ਮਦਦ ਕਰ ਸਕਣ। ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਵਿੱਚ ਅਰਸ਼ਦੀਪ ਸਿੰਘ ਗੁਰਮ, ਅਰਸ਼ਜੋਤ ਸਿੰਘ ਢਿੱਲੋਂ, ਜਗਦੀਪ ਸਿੰਘ, ਗੁਪਪ੍ਰੀਤ ਕੌਰ ਅਤੇ ਸਾਵਨ ਧਰਮੇਸ਼ ਭਾਈ ਸ਼ਾਮਲ ਹਨ। ਇਸੇ ਤਰ੍ਹਾਂ ਅਮਰਜੀਤ ਸਿੰਘ ਗਿੱਲ, ਅਰਮਾਨ ਸ਼ਰਮਾ, ਹਰਸਿਮਰਨ ਸਿੰਘ ਢਿੱਲੋਂ, ਗੁਰਿੰਦਰ ਸਿੰਘ ਅਤੇ ਜਗਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਇਹ ਲੋਕ ਅਕਸਰ ਕੁਝ ਦਿਨਾਂ ਬਾਅਦ ਆਪਣੇ ਟਿਕਾਣੇ ਬਦਲ ਲੈਂਦੇ ਸਨ ਤਾਂ ਜੋ ਨਵੇਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਸਕੇ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਨਾਲ ਜੁੜੀਆਂ 200 ਤੋਂ ਵੱਧ ਅਪਰਾਧਿਕ ਘਟਨਾਵਾਂ ਵਿੱਚ ਕਰੀਬ 26 ਲੱਖ ਡਾਲਰ ਦੀ ਠੱਗੀ, ਚੋਰੀ ਅਤੇ ਲੁੱਟ ਕੀਤੀ ਗਈ। ਇਸ ਕਾਰਨ ਦੋਸ਼ੀਆਂ ਵਿਰੁੱਧ ਕੁੱਲ 1146 ਅਪਰਾਧਿਕ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਮੁੱਖ ਤੌਰ ’ਤੇ ਦੁਰਾਮ ਖੇਤਰ ਵਿੱਚ ਸਰਗਰਮ ਸਨ, ਪਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਹੋਣ ਦੀ ਸੰਭਾਵਨਾ ਹੈ। ਇਹ ਗਿਰੋਹ ਆਮ ਤੌਰ ’ਤੇ ਫੋਨ ਕਾਲਾਂ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਠੱਗੀ ਨੂੰ ਤਰਜੀਹ ਦਿੰਦੇ ਸਨ, ਹਾਲਾਂਕਿ ਚੋਰੀ, ਲੁੱਟ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਰਹੇ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਈ ਵਾਰ ਇਹ ਲੋਕ ਵਾਹਨ ਖਰੀਦਣ ਦੇ ਇੱਛੁਕ ਗਾਹਕ ਬਣ ਕੇ ਵਿਕਰੇਤਾਵਾਂ ਨਾਲ ਸੰਪਰਕ ਕਰਦੇ ਅਤੇ ਟੈਸਟ ਡਰਾਈਵ ਦੇ ਬਹਾਨੇ ਵਾਹਨ ਲੈ ਕੇ ਫਰਾਰ ਹੋ ਜਾਂਦੇ ਸਨ। ਇਸ ਤੋਂ ਇਲਾਵਾ ਔਰਤਾਂ ਦੇ ਗਲਾਂ ਅਤੇ ਹੱਥਾਂ ਵਿੱਚੋਂ ਸੋਨੇ ਦੇ ਗਹਿਣੇ ਝਪਟਣ ਦੀਆਂ ਘਟਨਾਵਾਂ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਪਾਈ ਗਈ ਹੈ। ਪੁਲੀਸ ਨੇ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਗਿਰੋਹਾਂ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਨਾਲ ਹੀ ਬਾਕੀ ਪਛਾਣੇ ਗਏ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ।
Posted By: Daily Suraj Bureau