Daily Suraj

ਪੰਜਾਬੀ

ਪੰਜਾਬ ਸਰਕਾਰ ਨੇ ਗਰੀਬ ਵਰਗ ਦਾ ਕੱਖ਼ ਨਹੀਂ ਸੁਆਰਿਆ- ਮਜ਼ਦੂਰ ਆਗੂ

27 Dec, 2024 05:30 AM

ਦੀਨਾਨਗਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਸੰਬੰਧ ਵਿੱਚ ਕੀਤੀ ਗਈ ਟਿੱਪਣੀ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਨੇ ਮਾਝਾ ਜੋਨ ਇੰਚਾਰਜ ਮਨਜੀਤ ਰਾਜ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਧਰਨਾ ਸਾਹਮਣੇ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜੋਨ ਇੰਚਾਰਜ ਮਨਜੀਤ ਰਾਜ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਜੀ ਦੇ ਕੀਤੇ ਅਪਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦਲਿਤ ਵਿਰੋਧੀ ਹੀ ਨਹੀਂ ਸਗੋਂ ਸੰਵਿਧਾਨ ਵਿਰੋਧੀ ਪਾਰਟੀ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਚੋਣ ਸਮੇਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਨ ਸਮੇਤ ਗਰੀਬ ਲੋਕਾਂ ਦੀ ਹਰ ਸਮੱਸਿਆ ਹੱਲ ਕਰਨ ਦੇ ਦਾਅਵੇ ਕਰਦੀ ਸੀ। ਪਰ ਸੱਤਾ ਪ੍ਰਾਪਤੀ ਦੇ 3 ਸਾਲਾਂ ਵਿੱਚ ਮਾਨ ਸਰਕਾਰ ਗਰੀਬ ਵਰਗ ਲਈ ਕੁੱਝ ਵੀ ਨਹੀਂ ਸਕੀ। ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਕੰਮ ਕਰਦੀਆਂ ਕੁੱਕ ਬੀਬੀਆਂ ਨੂੰ ਪ੍ਰਤੀ ਮਹੀਨਾ ਅੱਠ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਕੋਲੋਂ ਘੱਟੋ ਘੱਟ ਉਜ਼ਰਤਾਂ ਤੋਂ ਵੀ ਘੱਟ ਤਨਖਾਹ ਤੇ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਮਹਿੰਗਾਈ ਕਾਰਨ ਲੋਕ ਕਰਜ਼ਿਆਂ ਦੇ ਜਾਲ ਵਿਚ ਫਸ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਤਹਿਸੀਲਦਾਰ ਸੁਖਵਿੰਦਰ ਸਿੰਘ ਨੂੰ ਦਿੱਤੇ ਗਏ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਮਜ਼ਦੂਰਾਂ, ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮਾਫ ਕੀਤੇ ਜਾਣ, ਮਨਰੇਗਾ ਸਮੇਤ ਹਰ ਖੇਤਰ ਦੇ ਮਜ਼ਦੂਰਾਂ ਦੀ ਰੋਜ਼ਾਨਾ ਦਿਹਾੜੀ ਘੱਟੋ ਘੱਟ ਇੱਕ ਹਜ਼ਾਰ ਰੁਪਏ ਪ੍ਰਤੀ ਦਿਨ ਕੀਤੀ ਜਾਵੇ। ਸਕੂਲਾਂ ਵਿਚ ਕੰਮ ਕਰ ਰਹੀਆਂ ਕੁੱਕ ਬੀਬੀਆਂ ਦੀ ਤਨਖਾਹ ਡੀਸੀ ਰੇਟ ਅਨੁਸਾਰ ਦਿੱਤੀ ਜਾਵੇ ਅਤੇ ਕੁੱਕ ਬੀਬੀਆਂ ਨੂੰ ਪੱਕਾ ਕੀਤਾ ਜਾਵੇ। ਹਰ 18 ਸਾਲਾ ਦੀ ਔਰਤ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ 30 ਦਸੰਬਰ ਦੇ ਪੰਜਾਬ ਬੰਦ ਦੀ ਪੂਰੀ ਹਮਾਇਤ ਕਰੇਗਾ। ਧਰਨੇ ਨੂੰ ਸਤਿੰਦਰ ਕੌਰ ਸੱਤੀ, ਸਰੂਪ ਸਿੰਘ, ਜੋਨ ਮਸੀਹ, ਕੁਲਦੀਪ ਸਿੰਘ, ਲਵਪ੍ਰੀਤ, ਅਰਮਾਨਦੀਪ, ਗੱਬਰ, ਪਿੰਕੀ ਅਤੇ ਵਿਜੇ ਕੁਮਾਰ ਨੇ ਵੀ ਸੰਬੋਧਨ ਕੀਤਾ।

Posted By: Daily Suraj Bureau

Latest News