Daily Suraj

ਪੰਜਾਬੀ

ਮਿੱਟੀ ਦੇ ਸੈਂਪਲ ਟੈਸਟ ਕਰਵਾਉਣ ਉਪਰੰਤ ਰਿਪੋਰਟ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਕਿਸਾਨ : ਮੁੱਖ ਖੇਤੀਬਾੜੀ ਅਫ਼ਸਰ

06 Dec, 2024 05:30 AM

ਮਾਨਸਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਪੰਜ ਬਲਾਕਾਂ ਵਿੱਚ ਵਿਸ਼ਵ ਭੂਮੀ ਦਿਵਸ ਮਨਾਇਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਬਲਾਕ ਭੀਖੀ ਵੱਲੋਂ ਪਿੰਡ ਖੀਵਾ ਕਲਾਂ, ਬਲਾਕ ਮਾਨਸਾ ਵੱਲੋਂ ਪਿੰਡ ਬੁਰਜ ਢਿਲਵਾਂ, ਬਲਾਕ ਬੁਢਲਾਡਾ ਵੱਲੋਂ ਪਿੰਡ ਗੁੜੱਦੀ, ਬਲਾਕ ਝੁਨੀਰ ਵੱਲੋਂ ਪਿੰਡ ਝੁਨੀਰ ਵਿਖੇ ਅਤੇ ਬਲਾਕ ਸਰਦੂਲਗੜ੍ਹ ਵੱਲੋਂ ਝੰਡੂਕੇ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਦੱਸਦੇ ਹੋਏ ਭੂਮੀ ਦੀ ਸਿਹਤ ਬਰਕਰਾਰ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਖਾਦਾਂ ਦੀ ਵਰਤੋਂ ਮਿੱਟੀ ਦੀ ਸਿਹਤ ਦੇ ਅਧਾਰ ’ਤੇ ਕਰਨ ਲਈ ਕਿਹਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਦਾ ਸੈਂਪਲ ਲਿਆ ਕੇ ਟੈਸਟ ਕਰਵਾਉਣ ਅਤੇ ਟੈਸਟ ਰਿਪੋਰਟ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਇਸ ਨਾਲ ਜਿੱਥੇ ਬੇਲੋੜੀਆਂ ਖਾਦਾਂ ਦੇ ਹੋਣ ਵਾਲਾ ਖਰਚਾ ਘੱਟ ਜਾਂਦਾ ਹੈ ਉਥੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਸ ਮੌਕੇ ਕਿਸਾਨਾਂ ਨੂੰ ਛੋਟੇ ਤੱਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਕੈਂਪਾਂ ਵਿੱਚ ਡਾ. ਨਰਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸੁਲੇਖ ਅਮਨ ਕੁਮਾਰ ਮਹਿਲਾ, ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਜਗਨਨਾਥ ਖੇਤੀਬਾੜੀ ਉਪ ਨਿਰੀਖਕ, ਕਮਲਪ੍ਰੀਤ ਸਿੰਘ, ਏਟੀਐਮ ਵੱਲੋਂ ਕਿਸਾਨਾਂ ਨਾਲ ਤਕਨੀਕੀ ਵਿਚਾਰ ਸਾਂਝੇ ਕੀਤੇ ਗਏ।

Posted By: Daily Suraj Bureau

Latest News