Daily Suraj

ਪੰਜਾਬੀ

ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਲਈ ਕੀਤੇ ਜਾ ਰਹੇ ਹਨ ਸਾਰਥਿਕ ਯਤਨ : ਕੁਲਵੰਤ ਸਿੰਘ, ਵਿਧਾਇਕ ਕੁਲਵੰਤ ਸਿੰਘ ਵੱਲੋਂ ਸਪੋਰਟਸ ਕਲੱਬ ਬੈਦਵਾਨ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ

21 Jan, 2025 05:30 AM

ਐੱਸਏਐੱਸ ਨਗਰ : ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਬੈਦਵਾਨ ਸਪੋਰਟਸ ਕਲੱਬ (ਰਜਿ:) ਸੋਹਾਣਾ ਵੱਲੋਂ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਯਾਦਗਾਰੀ ਪੰਮੇ ਸੋਹਾਣੇ ਦੀ ਯਾਦ ਨੂੰ ਸਮਰਪਿਤ 28ਵਾਂ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਕੱਪ ਦੌਰਾਨ ਇਕ ਪਿੰਡ ਓਪਨ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਜਦਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਇਨਾਮ ਦਿੱਤੇ ਗਏ, ਜਦਕਿ ਇਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਤਿੰਨ ਦਿਨਾਂ ਕਬੱਡੀ ਕੱਪ ’ਚ ਵੱਡੀ ਗਿਣਤੀ ’ਚ ਪੰਜਾਬ ਭਰ ਵਿੱਚੋਂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ’ਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਖੇਡ ਜਗਤ ’ਚ ਸੁਧਾਰਨਾਤਮਕ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੇ ਚਲਦਿਆਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਗਈ ਸੀ, ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੀਹ ’ਤੇ ਲਿਆਂਦਾ ਜਾ ਰਿਹਾ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨ ’ਚ ਸਮਾਂ ਬਿਤਾਉਣਾ ਵਧੇਰੇ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਖਿਡਾਰੀਆਂ ਨੂੰ ਖੇਡ ਲਈ ਲੋੜੀਂਦੇ ਸਾਮਾਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ, ਉੱਥੇ ਖੇਡ ਸੰਸਥਾਵਾਂ ਜਿਹੜੇ ਖਿਡਾਰੀਆਂ ਨੂੰ ਖੇਡ ਪ੍ਰਤਿਮਾ ਦਾ ਪ੍ਰਗਟਾਵਾ ਕਰਨ ਲਈ ਪਲੇਟਫਾਰਮ ਟੂਰਨਾਮੈਂਟ ਦੇ ਰੂਪ ’ਚ ਉਪਲਬਧ ਕਰਵਾਉਂਦੇ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ, ਹਰ ਦਿਨ ਅਤੇ ਹਰ ਅਹਿਮ ਮੌਕਿਆਂ ’ਚ ਪੰਜਾਬ ਭਰ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਉਹ ਕਦੇ ਵੀ ਦੇਣਾ ਨਹੀਂ ਦੇ ਸਕਦੇ, ਜਿਨ੍ਹਾਂ ਨੇ ਇੰਨੇ ਵੱਡੇ ਅੰਤਰ ਨਾਲ ਜਿਤਾ ਕੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਬੈਦਵਾਨ ਸਪੋਰਟਸ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਅਵਤਾਰ ਸਿੰਘ ਮੌਲੀ, ਹਰਮੇਸ਼ ਕੁੰਬੜਾ, ਗੁਰਪ੍ਰੀਤ ਕੁਰੜਾ, ਜਗਵਿੰਦਰ ਧਾਲੀਵਾਲ, ਸਨੀ, ਤਰਲੋਚਨ ਮਟੌਰ, ਬਲਜੀਤ ਸਿੰਘ ਵਿੱਕੀ, ਧਰਮਪ੍ਰੀਤ ਸਿੰਘ, ਜਸਪਾਲ ਮਟੌਰ, ਤਰਲੋਚਨ ਸਿੰਘ ਸਰਪੰਚ ਕੈਲੋ ਅਤੇ ਪ੍ਰਗਟ ਸਿੰਘ ਹਾਜ਼ਰ ਸਨ।

Posted By: Daily Suraj Bureau

Latest News