ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਰਿਲੀਜ਼, ਮਿੰਨੀ ਕਵੀ ਦਰਬਾਰ ਵੀ ਕਰਵਾਇਆ
ਐੱਸਏਐੱਸ ਨਗਰ : ਨਵੇਂ ਵਰ੍ਹੇ ਦੇ ਆਗਮਨ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਸੰਸਥਾ ਦੀਆਂ ਪਿਛਲੇ ਸਾਲ ਦੀਆਂ ਮਹੱਤਵਪੂਰਣ ਗਤੀਵਿਧੀਆਂ ਨੂੰ ਦਰਸ਼ਾਉਂਦਾ ਹੋਇਆ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਮਿੰਨੀ ਕਵੀ ਦਰਬਾਰ ਦਾ ਸਮਾਗਮ ਵੀ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ: ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ, ਜਿਸ ’ਚ ਕਈ ਨਾਮੀ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਇਕ ਧਾਰਮਿਕ ਸ਼ਬਦ ਨਾਲ ਕੀਤਾ ਗਿਆ, ਜਿਸ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਪ੍ਰਿੰ: ਬਹਾਦਰ ਸਿੰਘ ਗੋਸਲ ਵੱਲੋਂ ਹਾਜ਼ਰ ਸਭ ਕਵੀਆਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਨਵੇਂ ਸਾਲ ਦੀਆਂ ਸੰਸਥਾ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸੰਸਥਾ ਦੀਆਂ ਬਹੁਤ ਹੀ ਮਹੱਤਵਪੂਰਣ ਗਤੀਵਿਧੀਆਂ ਰਹੀਆਂ, ਜਿਨ੍ਹਾਂ ਸਦਕਾ ਸੰਸਥਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ’ਚ ਪੂਰੀ ਤਰ੍ਹਾਂ ਸਫ਼ਲ ਰਹੀ ਹੈ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਹੀ ਨਵੇਂ ਸਾਲ ਦੇ ਕੈਲੰਡਰ ਵਿੱਚ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਨੇ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਪੂਰੇ ਸਹਿਯੋਗ ਅਤੇ ਮਹੱਤਵਪੂਰਣ ਕਾਰਜਾਂ ਲਈ ਕੀਤੇ ਕੰਮਾਂ ਲਈ ਪ੍ਰਸੰਸਾ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੇ ਦੂਜੇ ਪੜਾਅ ’ਚ ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਜਿਸ ’ਚ ਜਗਤਾਰ ਸਿੰਘ ਜੋਗ ਨੇ ਪ੍ਰਿੰ: ਗੋਸਲ ਰਚਿਤ ਗੀਤ ‘‘ਨਵੀਆਂ ਤੂੰ ਖੁਸ਼ੀਆਂ ਲਿਆਈ, ਨਵੇਂ ਸਾਲ ਦੇ ਵੇ ਸੂਰਜਾ’’ ਗਾ ਕੇ ਖੂਬ ਰੰਗ ਬੰਨਿਆ ਗਿਆ। ਇਸ ਤੋਂ ਬਾਅਦ ਅਮਰਜੀਤ ਸਿੰਘ ਬਠਲਾਣਾ, ਅਵਤਾਰ ਸਿੰਘ ਮਹਿਤਪੁਰੀ, ਜਸਪਾਲ ਸਿੰਘ ਕੰਵਲ, ਬਹਾਦਰ ਸਿੰਘ ਗੋਸਲ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਰਾਜਿੰਦਰ ਸਿੰਘ ਧੀਮਾਨ, ਸ੍ਰੀਮਤੀ ਭੁਪਿੰਦਰ ਕੌਰ ਧੀਮਾਨ, ਸੁਰਜਨ ਸਿੰਘ ਜੱਸਲ, ਜਗਤਾਰ ਸਿੰਘ ਜੋਗ ਸ਼ਾਮਲ ਸਨ। ਇਸ ਮੌਕੇ ਰਾਜੇਸ਼ ਕੁਮਾਰ, ਬਲਵਿੰਦਰ ਸਿੰਘ, ਅਜਾਇਬ ਸਿੰਘ ਔਜਲਾ, ਭੁਪਿੰਦਰ ਕੌਰ, ਹਰਵਿੰਦਰ ਕੌਰ, ਸੰਨੀ ਕੁਮਾਰ, ਕਮਲ ਕੁਮਾਰ, ਇੰਦਰ ਕੁਮਾਰ, ਸੰਸਥਾ ਦੇ ਪੰਜਾਬ ਸਟੇਟ ਕਨਵੀਨਰ ਜਸਪਾਲ ਸਿੰਘ ਕੰਵਲ ਵੀ ਹਾਜ਼ਰ ਸਨ। ਸਮਾਗਮ ਦੀ ਕਾਰਵਾਈ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ ਅਤੇ ਅੰਤ ’ਚ, ਪ੍ਰੈੱਸ ਸਕੱਤਰ ਅਮਰਜੀਤ ਸਿੰਘ ਬਠਲਾਣਾ ਨੇ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਂਦੇ ਹੋਏ ਧੰਨਵਾਦ ਕੀਤਾ।
Posted By: Daily Suraj Bureau