Daily Suraj

ਪੰਜਾਬੀ

ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ : ਹੈਲਥ ਇੰਸਪੈਕਟਰ ਕੁਲਬੀਰ ਸਿੰਘ

13 Dec, 2024 05:30 AM

ਕਾਦੀਆਂ : ਮੈਡੀਕਲ ਅਫਸਰ ਕਾਦੀਆਂ ਸ਼ੁਭਨੀਤ ਕੁਮਾਰ ਦੀ ਅਗਵਾਈ ’ਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਡੇਂਗੂ ਸਬੰਧੀ ਜਾਗਰੂਕ ਕੀਤਾ ਤੇ ਕਿਹਾ ਕਿ ਡੇਂਗੂ ਤੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਹੀ ਸਾਵਧਾਨੀਆਂ ਵਰਤਣੀਆਂ ਬਹੁਤ ਹੀ ਜਰੂਰੀ ਹਨ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਡੇਂਗੂ ਇੱਕ ਯੋਗ ਬਿਮਾਰੀ ਹੈ, ਜਿਸ ਤੋਂ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਕਰ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਸਾਫ਼ ਖੜ੍ਹੇ ਪਾਣੀ ’ਚ ਪੈਦਾ ਹੁੰਦਾ ਹੈ ਅਤੇ ਇਹ ਏਡੀਜ਼ ਨਾਂ ਦੇ ਮੱਛਰ ਦੇ ਲੜਨ ਨਾਲ ਹੁੰਦਾ ਹੈ, ਜੋ ਕਿ ਸਿਰਫ਼ ਦਿਨ ਸਮੇਂ ਹੀ ਲੜਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ਹੋ ਜਾਣਾ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਅਤੇ ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹਨ, ਜੇਕਰ ਕਿਸੇ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾਣ ਤਾਂ ਉਸ ਨੂੰ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਗਮਲਿਆਂ ਅਤੇ ਫਰਿੱਜਾਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ’ਚ ਇੱਕ ਵਾਰ ਬਦਲ ਕੇ ਇਨ੍ਹਾਂ ਨੂੰ ਸੁਕਾਉਣਾ ਚਾਹੀਦਾ ਹੈ ਅਤੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਰਾਤ ਨੂੰ ਸੌਣ ਸਮੇਂ ਮੱਛਰ ਭਜਾਉਣ ਵਾਲੇ ਕੋਆਇਲ, ਬਿਜਲਈ ਯੰਤਰ, ਮੱਛਰਦਾਨੀ, ਮੱਛਰਾਂ ਤੋਂ ਬਚਾਅ ਸਬੰਧੀ ਕਰੀਮਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਇੰਸਪੈਕਟਰ ਕੁਲਬੀਰ ਸਿੰਘ, ਪੰਮਾ ਤੇ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।

Posted By: Daily Suraj Bureau

Latest News