ਮਖੂ : ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਚੱਲ ਰਹੇ ਸ਼ੰਭੂ, ਖਨੌਰੀ, ਰਤਨਪੁਰਾ ਬਾਰਡਰਾਂ ’ਤੇ ਕਿਸਾਨੀ ਮੋਰਚਿਆ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 35ਵੇਂ ਦਿਨ ਦੇ ਮਰਨ ਵਰਤ ਨੂੰ ਕੇਂਦਰ ਦੀ ਮੋਦੀ ਸਰਕਾਰ ਤੱਕ ਪੁੱਜਦਾ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਭਾਰਤੀ ਕਿਸਾਨ ਯੂਨੀਅਨ (ਖੋਸਾ), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਵੱਲੋਂ ਮੱਖੂ ਵਿਖੇ ਨੈਸ਼ਨਲ ਹਾਈਵੇ-54 ਅੰਮ੍ਰਿਤਸਰ-ਬਠਿੰਡਾ ’ਤੇ ਰੇਲਵੇ ਟਰੈਕ ਫਿਰੋਜ਼ਪੁਰ-ਜਲੰਧਰ ਉੱਤੇ ਸਾਰੇ ਵਰਗਾਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ। ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਕਰਨੈਲ ਸਿੰਘ ਭੋਲਾ, ਜਸਬੀਰ ਸਿੰਘ ਝਾਮਕੇ, ਸੁਖਵਿੰਦਰ ਸਿੰਘ ਅਲੀਪੁਰ ਨੇ ਦੱਸਿਆ ਕਿ ਅੱਜ ਦੇ ਪੰਜਾਬ ਬੰਦ ਦੇ ਸੱਦੇ ਵਿੱਚ ਮੱਖੂ ਸ਼ਹਿਰ ’ਤੇ ਨਾਲ ਲੱਗਦੇ ਕਸਬਿਆਂ ਦੇ ਸਾਰੇ ਵਰਗਾਂ ਵੱਲੋਂ ਹੀ ਸਮਰਥਨ ਦੇ ਕੇ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਪਿਛਲੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੇ ਚੱਲ ਰਹੇ ਦਿੱਲੀ ਅੰਦੋਲਨ-2 ਦੀਆਂ ਮੰਗਾਂ ਲਾਗੂ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ, ਕਿਸਾਨਾਂ ਦੀਆਂ ਮੰਗਾਂ ਮੰਨ ਕੇ ਭੁੱਖ ਹੜਤਾਲ ਮੋਦੀ ਸਰਕਾਰ ਨੂੰ ਖਤਮ ਕਰਵਾਉਣੀ ਚਾਹੀਦੀ ਹੈ। ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਖਵੰਤ ਸਿੰਘ ਸੰਤੂਵਾਲਾ, ਮੰਗਲ ਸਿੰਘ ਸ਼ਾਹਵਾਲਾ, ਨਿਰਮਲ ਸਿੰਘ ਨੂਰਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਰੋਜ਼ੀ ਰੋਟੀ (ਜ਼ਮੀਨਾਂ) ਨੂੰ ਹਥਿਆਉਣ ਲਈ ਨਿੱਤ ਨਵੇਂ ਕਿਸਾਨ ਮਜ਼ਦੂਰ ਵਿਰੋਧੀ ਤੇ ਦੇਸ਼ ਦੇ ਸਰਮਾਏਦਾਰ ਕੁਝ ਲੋਕਾਂ ਨੂੰ ਫ਼ਾਇਦੇ ਪਹੁੰਚਣ ਵਿੱਚ ਲੋਕ ਮਾਰੂ ਕਾਨੂੰਨ ਲਿਆ ਕੇ ਪੰਜਾਬ ਦੀਆਂ ਮੰਡੀਆਂ ਖ਼ਤਮ ਕਰਨ ਤੇ ਫਸਲਾਂ ਨੂੰ ਵੇਚਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੀ ਹੈ। ਸਾਰੇ ਵਰਗਾਂ ਦੇ ਦਿੱਤੇ ਸਹਿਯੋਗ ਲਈ ਕਿਸਾਨਾਂ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਮਲਜੀਤ ਸਿੰਘ ਮਰਹਾਣਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਜਗਸੀਰ ਸਿੰਘ ਜੱਗਾ, ਸੋਹਣ ਸਿੰਘ ਢੰਡੀਆ, ਪੂਰਨ ਸਿੰਘ ਮਸਤੇਵਾਲਾ, ਗੁਰਦਿੱਤ ਸਿੰਘ ਮਾਨੋਚਾਹਲ, ਕੁਲਵਿੰਦਰ ਸਿੰਘ ਰਟੌਲ ਰੌਹੀ, ਕ੍ਰਿਪਾਲ ਸਿੰਘ ਚੂਚਕਵਿੰਡ, ਸੁਖਵਿੰਦਰ ਸਿੰਘ ਚੋਹਲਾ ਨੇ ਵੀ ਸੰਬੋਧਨ ਕੀਤਾ।
Leave a Reply