Daily Suraj

ਪੰਜਾਬੀ

ਗਣਤੰਤਰ ਦਿਵਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਲਈ ਰਿਹਰਸਲ ਸ਼ੁਰੂ

21 Jan, 2025 05:30 AM

ਕਪੂਰਥਲਾ : ਗਣਤੰਤਰ ਦਿਵਸ ਸਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਜਿਲ੍ਹਾ ਪੱਧਰੀ ਸਮਾਗਮ ਲਈ ਰਿਹਰਸਲ ਸ਼ੁਰੂ ਹੋ ਗਈ ਹੈ। ਇਸ ਸਬੰਧੀ ਅੱਜ ਸਟੇਡੀਅਮ ਵਿਖੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਪ੍ਰੋਗਰਾਮ ਲਈ ਤਿਆਰੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ ਵਲੋਂ ਸਟੇਡੀਅਮ ਵਿਖੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਜਿਲ੍ਹਾ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ, ਜਿਸ ਤਹਿਤ ਆਵਾਜਾਈ, ਪਾਰਕਿੰਗ, ਸੁਰੱਖਿਆ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਮਾਗਮ ਦੌਰਾਨ ਜਿੱਥੇ ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਹੋਵੇਗਾ ਉੱਥੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਜੋ ਕਿ ਸਮਾਜ ਸੇਵਾ ਲਈ ਬਿਹਤਰੀਨ ਕਾਰਜ ਕਰ ਰਹੇ ਹਨ ਦੇ ਪ੍ਰਤੀਨਿਧੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਨੂੰ ਦਰਸਾਉਂਦੀਆਂ ਝਾਕੀਆਂ ਜੋ ਕਿ ਗਣਤੰਤਰ ਦਿਵਸ ਮੌਕੇ ਪੇਸ਼ ਕੀਤੀਆਂ ਜਾਣੀਆਂ ਹਨ, ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸਹਾਇਕ ਕਮਿਸ਼ਨਰ ਕਪਿਲ ਜਿੰਦਲ , ਸੁਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Posted By: Daily Suraj Bureau

Latest News