ਨਾਜਾਇਜ਼ ਸ਼ਰਾਬ ਤੇ 800 ਕਿੱਲੋ ਲਾਹਣ ਬਰਾਮਦ
ਅਟਾਰੀ : ਪੁਲਿਸ ਥਾਣਾ ਘਰਿੰਡਾ ਵੱਲੋਂ 30,000 ਐਮਐਲ ਨਾਜਾਇਜ਼ ਸ਼ਰਾਬ ਤੇ 800 ਕਿੱਲੋ ਲਾਹਣ ਬਰਾਮਦ ਕੀਤੀ। ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਦਿੱਤੇ ਗਏ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡੀਐੱਸਪੀ ਦਿਹਾਤੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਵਾ ਸਿੰਘ ਵਾਸੀ ਮੁਹਾਵਾ ਆਪਣੇ ਘਰ ਵਿਚ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਪੁਲਿਸ ਨੇ ਛਾਪੇਮਾਰੀ ਦੌਰਾਨ ਬਾਵਾ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਬਹਿਕਾ ਮੁਹਾਵਾ ਦੇ ਘਰੋਂ 30,000 ਐਮਐਲ ਨਾਜਾਇਜ਼ ਸ਼ਰਾਬ, 800 ਕਿੱਲੋ ਲਾਹਣ ਸਮੇਤ ਸ਼ਰਾਬ ਕਸੀਦਣ ਵਾਲਾ ਸਾਮਾਨ ਬਰਾਮਦ ਕੀਤਾ। ਉਨ੍ਹਾਂ ਦੱਸਿਆ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ ਤੇ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Posted By: Daily Suraj Bureau