Daily Suraj

ਪੰਜਾਬੀ

ਕਾਂਗਰਸ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਅਰਥੀ ਫੂਕ ਮੁਜ਼ਾਹਰਾ

13 Dec, 2024 05:30 AM

ਬਰਨਾਲਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ’ਚ ਯੂਥ ਕਾਂਗਰਸ ਵੱਲੋਂ ਮਹਿਲ ਕਲਾਂ ਵਿਖੇ ਰੋਸ ਮਾਰਚ ਕਰਨ ਉਪਰੰਤ ਕੇਂਦਰ ਸਰਕਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬੰਨੀ ਖਹਿਰਾ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਜਗਜੀਤ ਡੱਲੇਵਾਲ ਮਰਨ ਵਰਤ ’ਤੇ ਬੈਠੇ ਹਨ, ਜਿਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਅੜੀਅਲ ਰਵੱਈਆ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਸੰਬੋਧਨ ਕਰਦੇ ਹਨ, ਜਦਕਿ ਜ਼ਮੀਨ ਸਥਿਤੀ ਇਹ ਹੈ ਕਿ ਦੇਸ਼ ਦੇ ਅੰਨਦਾਤਾ ਨੂੰ ਅੱਜ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਤੇ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਤਸ਼ੱਦਦ ਸਰਕਾਰਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸੰਘਰਸ਼ ਦਾ ਰਾਹ ਛੱਡ ਕੇ ਆਪਣੇ ਘਰਾਂ ਨੂੰ ਜਾਣ ਤਾਂ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਸੰਸਦ ਅੰਦਰ ਬਿਨਾਂ ਦੇਰੀ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਤੇ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਦੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਬਾਰਡਰਾਂ ਉਪਰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਨਣ ਲਈ ਪੰਜਾਬ ਦੇ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਡੱਲੇਵਾਲ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਕਿਸਾਨ ਸੰਘਰਸ਼ ਨੂੰ ਅੱਗੇ ਵਧਾਉਣ ਲਈ ਯੂਥ ਕਾਂਗਰਸ ਦੇ ਵਰਕਰਾਂ ਤੇ ਆਗੂਆਂ ਵੱਲੋਂ ਸੰਘਰਸ਼ ’ਚ ਵੱਡੇ ਕਾਫ਼ਲੇ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਗਰੂਪ ਸਿੰਘ ਮਾਹਮਦਪੁਰ, ਬੀਸੀ ਸੈੱਲ ਦੇ ਚੇਅਰਮੈਨ ਬਲਵੰਤ ਸਿੰਘ ਮਹਿਲ ਕਲਾਂ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦੀਪਇੰਦਰ ਸਿੰਘ ਦੀਪਾ, ਸਾਬਕਾ ਸਰਪੰਚ ਚੇਤਨ ਸਿੰਘ ਕਲਾਲਮਾਜਰਾ, ਬਲਦੇਵ ਸਿੰਘ ਬਿੱਲੂ ਵਜੀਦਕੇ, ਮਨਜੀਤ ਸਿੰਘ ਮਹਿਲ ਖੁਰਦ, ਪੰਚ ਗੁਰਮੀਤ ਸਿੰਘ ਕੁਤਬਾ, ਗੁਰਮੇਲ ਸਿੰਘ ਵਜੀਦਕੇ ਕਲਾਂ, ਜੋਗਿੰਦਰ ਸਿੰਘ ਸਹਿਜੜਾ, ਹਰਪ੍ਰੀਤ ਸਿੰਘ ਮੂੰਮ, ਦੀਪਾ ਗਾਗੇਵਾਲ, ਸੋਨੀ ਹਰਦਾਸਪੁਰਾ, ਸੰਦੀਪ ਸਿੰਘ ਛਾਪਾ, ਸੁਖਵਿੰਦਰ ਸਿੰਘ ਪੰਡੋਰੀ, ਹਰਵਿੰਦਰ ਸਿੰਘ ਪੰਡੋਰੀ, ਗੁਰਨਾਮ ਸਿੰਘ ਗਾਗੇਵਾਲ, ਸਤਿਨਾਮ ਸਿੰਘ ਪੰਡੋਰੀ, ਬੱਬੂ ਕਿਰਪਾਲ ਸਿੰਘ ਵਾਲਾ, ਪੰਮਾ ਗੰਗੋਹਰ, ਨਵੀਂ ਛੀਨੀਵਾਲ ਕਲਾ, ਸੁਰਜੀਤ ਸਿੰਘ ਧਨੇਰ, ਨੰਬਰਦਾਰ ਭਰਪੂਰ ਸਿੰਘ ਸਹਿਜੜਾ ਸਣੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Posted By: Daily Suraj Bureau

Latest News