Daily Suraj

ਪੰਜਾਬੀ

ਰੋਟਰੀ ਕਲੱਬ ਨੇ ਵਿਦਿਆਰਥੀਆਂ ਨੂੰ ਯੂਥ ਲੀਡਰਸ਼ਿਪ ਐਵਾਰਡ ਦਿੱਤੇ, 12 ਸਕੂਲਾਂ ਦੇ 195 ਵਿਦਿਆਰਥੀਆਂ ਨੇ ਲਿਆ ਹਿੱਸਾ

18 Dec, 2024 05:30 AM

ਚੰਡੀਗੜ੍ਹ : ਰੋਟਰੀ ਕਲੱਬ ਚੰਡੀਗੜ੍ਹ ਅਪਟਾਊਨ ਵੱਲੋਂ ਸੈਕਟਰ-69 ਸਥਿਤ ਸ਼ੇਮਰੌਕ ਸਕੂਲ ’ਚ ਇਕ ਦਿਨ ਦਾ ਰੋਟਰੀ ਯੂਥ ਲੀਡਰਸ਼ਿਪ ਐਵਾਰਡ ਕਰਵਾਏ ਗਏ। ਇਸ ਪ੍ਰੋਗਰਾਮ ’ਚ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੇ 12 ਸਕੂਲਾਂ ਤੋਂ 195 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਹੜੇ ਵੱਖ-ਵੱਖ ਰੋਟਰੀ ਕਲੱਬਜ਼ ਦੇ ਇੰਟਰੈਕਟ ਕਲੱਬ ਦੇ ਮੈਂਬਰ ਹਨ। ਇਹ ਐਵਾਰਡ ਉਨ੍ਹਾਂ ਬੱਚਿਆਂ ਨੂੰ ਦਿੱਤੇ ਗਏ ਜਿਨ੍ਹਾਂ ਸਮਾਜ ਭਲਾਈ, ਲੋਕ ਸੇਵਾ ਆਦਿ ਵਿਚ ਅਹਿਮ ਰੋਲ ਨਿਭਾਇਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰੋਟਰੀ ਕਲੱਬ ਚੰਡੀਗੜ੍ਹ ਅਪਟਾਊਨ ਦੇ ਪ੍ਰਧਾਨ ਰੋਟੇਰੀਅਨ ਵਿਜੈ ਕੁਮਾਰ ਢਲ ਵੱਲੋਂ ਮਹਿਮਾਨਾਂ ਅਤੇ ਯੁਵਕ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇ ਸੈਸ਼ਨਾਂ ਦਾ ਪੂਰਾ ਲਾਭ ਚੁੱਕਣ ਅਤੇ ਆਪਣੇ ਵਿਅਕਤੀਗਤ ਗੁਣਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਮਹੇਸ਼ ਅਰੋੜਾ ਨੇ ਦਿਨ ਦੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ, ਜੋ ਖ਼ਾਸ ਕਰਕੇ ਨੇਤ੍ਰਤਵ ਗੁਣਾਂ, ਨੈੱਟਵਰਕਿੰਗ ਅਤੇ ਸੰਵਾਦ ਕੌਸ਼ਲ ਨੂੰ ਵਿਕਸਤ ਕਰਨ ਲਈ ਤਿਆਰ ਕੀਤੀ ਗਈ ਸੀ। ਜ਼ਿਲ੍ਹਾ ਪ੍ਰਧਾਨ ਰੋਟੇਰੀਅਨ ਡਾ. ਸੰਜੇ ਕਾਲਰਾ ਨੇ ਰੋਟਰੀ ਕਲੱਬ ਦੀ ਮਹੱਤਤਾ ਉੱਤੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਆਤਮਵਿਸ਼ਵਾਸ, ਦ੍ਰਿਸ਼ਟੀਕੋਣ ਰਾਹੀਂ ਭਵਿੱਖ ਦੇ ਨੇਤਾਵਾਂ ਨੂੰ ਸ਼ਕਲ ਦੇਣ ਵਿਚ ਸਹਾਇਕ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੀਆਂ ਅਜਿਹੀਆਂ ਪਹਿਲਕਦਮੀਆਂ ਯੁਵਕਾਂ ਨੂੰ ਨਿੱਜੀ ਅਤੇ ਪੇਸ਼ੇਵਾਰ ਵਿਕਾਸ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਨ ਦਾ ਮੰਚ ਦਿੰਦੀ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਸਟੇਜ ’ਤੇ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ। ਇਸ ਵਿਚ ਗਿੱਧਾ, ਭੰਗੜਾ ਅਤੇ ਨੁੱਕੜ ਨਾਟਕ ਸ਼ਾਮਲ ਸਨ, ਜੋ ਕਿ ਮਹਿਲਾ ਸਸ਼ਕਤੀਕਰਨ ਅਤੇ ਨਸ਼ਾ ਮੁਕਤੀ ਵਰਗੇ ਸਮਾਜਿਕ ਮੁੱਦਿਆਂ ਤੇ ਕੇਂਦਰਿਤ ਸਨ। ਮੁੱਖ ਮਹਿਮਾਨ ਪ੍ਰੋਫੈਸਰ ਆਰਕੇ ਕੋਹਲੀ ਨੇ ਲੀਡਰਸ਼ਿਪ ਅਤੇ ਵਿਅਕਤੀਗਤ ਵਿਕਾਸ ਦੇ ਮਹੱਤਵ ਬਾਰੇ ਆਪਣੇ ਪ੍ਰੇਰਣਾਦਾਇਕ ਵਿਚਾਰ ਪੇਸ਼ ਕੀਤੇ। ਸ਼ੇਮਰੌਕ ਸਕੂਲ ਦੇ ਟਰੱਸਟੀ ਚੇਅਰਮੈਨ ਏਐੱਸ ਬਾਜਵਾ ਨੇ ਆਯੋਜਕਾਂ ਅਤੇ ਭਾਗੀਦਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ।

Posted By: Daily Suraj Bureau

Latest News