Daily Suraj

ਪੰਜਾਬੀ

ਵਾਪਸੀ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਲੱਗਾ ਝਟਕਾ, ਉਡਾਣ ਰੱਦ

17 Jun, 2025 11:50 PM

ਅੰਮ੍ਰਿਤਸਰ : ਭਾਰਤ ਵਿੱਚ ਹਵਾਈ ਯਾਤਰੀ ਉਡਾਣਾਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ। ਅੱਜ ਮੰਗਲਵਾਰ, 17 ਜੂਨ ਨੂੰ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਸੰਚਾਲਿਤ ਹੀ ਨਹੀਂ ਹੋਈਆਂ। ਪਿਛਲੇ ਹਫ਼ਤੇ AI171 ਜਹਾਜ਼ ਹਾਦਸੇ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਵੱਧ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਭਲਕੇ ਬੁੱਧਵਾਰ ਨੂੰ (Air India) ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ ਸੀ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਲੰਡਨ ਤੋਂ ਅੰਮ੍ਰਿਤਸਰ ਜਾਣ ਵਾਲੀ ਉਡਾਣ AI170 ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਉਡਾਣ 18 ਜੂਨ ਨੂੰ ਸਵੇਰੇ 10:30 ਵਜੇ ਉਤਰਨੀ ਸੀ। ਪਰ ਜਹਾਜ਼ ਉਪਲਬਧ ਨਾ ਹੋਣ ਕਾਰਨ ਇਸਨੂੰ ਰੱਦ ਕਰਨਾ ਪਿਆ। ਏਅਰ ਇੰਡੀਆ ਦੀਆਂ ਉਡਾਣਾਂ ਦੀ ਚੱਲ ਰਹੀ ਜਾਂਚ ਕਾਰਨ AI170 ਉਪਲਬਧ ਨਹੀਂ ਸੀ।

ਇਸ ਤੋਂ ਪਹਿਲਾ ਦਿੱਲੀ ਅਤੇ ਮੁੰਬਈ ਤੋਂ ਘੱਟੋ-ਘੱਟ ਸੱਤ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ। ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਇੱਕ ਉਡਾਣ ਨੂੰ ਕੋਲਕਾਤਾ ਵਿੱਚ ਰੋਕ ਦਿੱਤਾ ਗਿਆ। ਹਾਂਗਕਾਂਗ ਤੋਂ ਦਿੱਲੀ ਜਾਣ ਵਾਲੀ ਇੱਕ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਵਾਪਸ ਪਰਤਣਾ ਪਿਆ। ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਨਵੀਂ AI159 ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ। ਇਹ ਉਡਾਣ AI171 ਦੀ ਥਾਂ ‘ਤੇ ਸ਼ੁਰੂ ਕੀਤੀ ਗਈ ਸੀ। ਅਚਾਨਕ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਬਹੁਤ ਪਰੇਸ਼ਾਨ ਹੋਏ। ਉਨ੍ਹਾਂ ਨੂੰ ਆਖਰੀ ਸਮੇਂ ‘ਤੇ ਉਡਾਣਾਂ ਦੇ ਰੱਦ ਹੋਣ ਦੀ ਜਾਣਕਾਰੀ ਮਿਲ ਰਹੀ ਹੈ।

#FlightCancelled #LondonToAmritsar #AirTravelTrouble #PassengerWoes #AirlineDelay #FlightDisruption #TravelUpdate #AviationNews


Posted By: Daily Suraj Bureau

Latest News