ਭੂਆਧਮੜੀ ਕੁਸ਼ਤੀ ਅਖਾੜੇ ਦਾ ਦੌਰਾ ਕੀਤਾ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ
ਮਿੱਟੀ ਅਤੇ ਮੈਟ ਰੈਸਲਿੰਗ ਵਿਚ ਤਾਲਮੇਲ ਬਣਾ ਕੇ ਪਹਿਲਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣਾ ਹੀ ਸਾਡਾ ਮਕਸਦ ਹੈ : ਰੀਤਪ੍ਰੀਤ ਪਾਲ ਸਿੰਘ ( ਸਤ ਪ੍ਰਕਾਸ਼ ਸਿੰਘ ਸੱਗੂ ) ਭਾਰਤੀ ਕੁਸ਼ਤੀ ਨੂੰ ਨਵੀਂ ਦਿਸ਼ਾ ਦੇਣ ਅਤੇ ਰਵਾਇਤੀ ਮਿੱਟੀ ਦੇ ਅਖਾੜਿਆਂ ਨੂੰ ਆਧੁਨਿਕ ਮੈਟ ਰੈਸਲਿੰਗ ਨਾਲ ਜੋੜਨ ਦੀ ਮੁਹਿੰਮ ਤਹਿਤ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੀਤਪ੍ਰੀਤ ਪਾਲ ਸਿੰਘ ਨੇ ਹੋਸ਼ਿਆਰਪੁਰ ਰੋਡ ਸਥਿਤ ਭੂਆਧਮੜੀ ਕੁਸ਼ਤੀ ਅਖਾੜੇ ਦਾ ਦੌਰਾ ਕੀਤਾ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੰਜੇ ਕੁਮਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖ਼ਸ਼ੀ ਦੀਆਂ ਹਦਾਇਤਾਂ ਅਨੁਸਾਰ ਮੈਟ ਅਤੇ ਮਿੱਟੀ ਦੇ ਅਖਾੜਿਆਂ ਦੇ ਤਾਲਮੇਲ ਬਣਾਉਣ ਲਈ ਇਹ ਦੌਰੇ ਕੀਤੇ ਜਾ ਰਹੇ ਹਨ। ਅਖਾੜੇ ਵਿੱਚ ਪਹੁੰਚਣ 'ਤੇ ਕੋਚ ਪਹਿਲਵਾਨ ਆਸ਼ੂਤੋਸ਼ ਅਤੇ ਹੋਰ ਪਹਿਲਵਾਨਾਂ ਨੇ ਰੀਤਪ੍ਰੀਤ ਪਾਲ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪਹਿਲਵਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ, ਸਿਖਲਾਈ ਨਾਲ ਜੁੜੀਆਂ ਲੋੜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਹਿਲਵਾਨਾਂ ਨੇ ਅਭਿਆਸ ਲਈ ਮੈਟ, ਆਧੁਨਿਕ ਸਾਜ਼ੋ-ਸਾਮਾਨ ਅਤੇ ਵਧੀਆ ਟ੍ਰੇਨਿੰਗ ਸਹੂਲਤਾਂ ਦੀ ਲੋੜ ਬਾਰੇ ਜਾਣੂ ਕਰਵਾਇਆ। ਰੀਤਪ੍ਰੀਤ ਪਾਲ ਸਿੰਘ ਨੇ ਕਿਹਾ ਕਿ ਫਗਵਾੜਾ ਇਲਾਕੇ ਦੇ ਬਹੁਤੇ ਰਵਾਇਤੀ ਅਖਾੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਹੀ ਚੱਲ ਰਹੇ ਹਨ ਅਤੇ ਸਰਕਾਰ ਵੱਲੋਂ ਪਹਿਲਵਾਨਾਂ ਲਈ ਕੋਈ ਸਥਾਈ ਅਤੇ ਆਧੁਨਿਕ ਅਖਾੜਾ ਉਪਲਬਧ ਨਹੀਂ ਕਰਵਾਇਆ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਵਿੱਚ ਮਿੱਟੀ ਅਤੇ ਮੈਟ ਦੋਵਾਂ ਸਹੂਲਤਾਂ ਨਾਲ ਲੈਸ ਇੱਕ ਆਧੁਨਿਕ ਕੁਸ਼ਤੀ ਅਖਾੜਾ ਬਣਾਇਆ ਜਾਵੇ, ਜਿੱਥੇ ਖਿਡਾਰੀ ਉੱਚ ਪੱਧਰ ਦੀ ਤਿਆਰੀ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਦੇਸ਼ ਨੂੰ ਅਨੇਕਾਂ ਨਾਮਵਰ ਪਹਿਲਵਾਨ ਦਿੱਤੇ ਹਨ। ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਟ ਰੈਸਲਿੰਗ ਦਾ ਬਹੁਤ ਮਹੱਤਵ ਹੈ। ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਸਮੇਤ ਸਾਰੀਆਂ ਵੱਡੀਆਂ ਪ੍ਰਤੀਯੋਗਿਤਾਵਾਂ ਮੈਟ ਰੈਸਲਿੰਗ ਦੇ ਨਿਯਮਾਂ ਅਨੁਸਾਰ ਹੁੰਦੀਆਂ ਹਨ। ਇਸ ਲਈ ਮਿੱਟੀ ਦੇ ਪਹਿਲਵਾਨਾਂ ਨੂੰ ਵੀ ਆਧੁਨਿਕ ਤਕਨੀਕ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਮਿੱਟੀ ਅਤੇ ਮੈਟ ਰੈਸਲਿੰਗ ਵਿਚਕਾਰ ਤਾਲਮੇਲ ਕਾਇਮ ਕਰਨਾ ਹੈ, ਤਾਂ ਜੋ ਰਵਾਇਤੀ ਅਖਾੜਿਆਂ ਵਿੱਚ ਤਿਆਰ ਹੋ ਰਹੇ ਖਿਡਾਰੀ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ। ਉਨ੍ਹਾਂ ਨੇ ਪਹਿਲਵਾਨਾਂ ਨੂੰ ਮੈਟ ਰੈਸਲਿੰਗ ਦੀ ਸਿਖਲਾਈ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲਣਗੇ। ਅਖਾੜੇ ਦੇ ਕੋਚ ਪਹਿਲਵਾਨ ਆਸ਼ੂਤੋਸ਼ ਨੇ ਕਿਹਾ ਕਿ ਭੂਆਧਮੜੀ ਅਖਾੜੇ ਨੇ ਸੈਂਕੜੇ ਵਿਸ਼ਵ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ, ਜਿਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਖਾੜੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਅਤੇ ਯੋਗ ਸਹਿਯੋਗ ਮਿਲੇ ਤਾਂ ਇਹ ਅਖਾੜਾ ਭਵਿੱਖ ਵਿੱਚ ਹੋਰ ਵੀ ਵਧੀਆ ਖਿਡਾਰੀ ਦੇਸ਼ ਨੂੰ ਦੇ ਸਕਦਾ ਹੈ। ਰੀਤਪ੍ਰੀਤ ਪਾਲ ਸਿੰਘ ਨੇ ਅਖਾੜੇ ਵਿੱਚ ਦਿੱਤੀ ਜਾ ਰਹੀ ਸਿਖਲਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਲੋੜ ਸਿਰਫ਼ ਸਹੀ ਮਾਰਗਦਰਸ਼ਨ, ਆਧੁਨਿਕ ਸਿਖਲਾਈ ਅਤੇ ਵਧੀਆ ਖੇਡ ਸਹੂਲਤਾਂ ਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵੱਡੇ ਮਿੱਟੀ ਦੇ ਅਖਾੜਿਆਂ ਦਾ ਵੀ ਦੌਰਾ ਕੀਤਾ ਜਾਵੇਗਾ, ਜਿੱਥੇ ਪਹਿਲਵਾਨਾਂ ਅਤੇ ਅਖਾੜਾ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਕੁਸ਼ਤੀ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਮੈਟ ਰੈਸਲਿੰਗ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਲਾਲੀ ਪਹਿਲਵਾਨ ਫਗਵਾੜਾ, ਘੌਲੀ ਪਹਿਲਵਾਨ ਫਗਵਾੜਾ, ਸ਼ੌਕਤ ਅਲੀ ਪਹਿਲਵਾਨ ਫਗਵਾੜਾ, ਬੱਗਾ ਪਹਿਲਵਾਨ ਫਗਵਾੜਾ ਸਮੇਤ ਵੱਡੀ ਗਿਣਤੀ ਵਿੱਚ ਪਹਿਲਵਾਨ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
Posted By: Daily Suraj Bureau