Daily Suraj

ਪੰਜਾਬੀ

ਬਠਿੰਡਾ ਪੱਟੀ ਦੇ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਮਿਲਣ ਕਾਰਨ ਗੰਭੀਰ ਚਿੰਤਾ

05 Mar, 2026 04:57 PM

ਬਠਿੰਡਾ ਪੱਟੀ ਦੇ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਹਾਨੀਕਾਰਕ ਧਾਤਾਂ ਦੇ ਮਿਸ਼ਰਣ ਦੇ ਪਾਏ ਜਾਣ ‘ਤੇ ਸਾਂਝੀ ਐਕਸ਼ਨ ਕਮੇਟੀ ਨੇ ਕੇਂਦਰ ਸਰਕਾਰ ਦੇ ਵਾਤਾਵਰਨ ਮੰਤ੍ਰਾਲੇ ਅਤੇ ਪੰਜਾਬ ਸਰਕਾਰ ਨੂੰ ਬਿਨਾਂ ਸਮਾਂ ਗੁਆਏ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਾਣੀ ਦੇ ਅਧਿਐਨ ਦੌਰਾਨ ਪਤਾ ਚਲਾ ਹੈ ਕਿ 51 ਫੀਸਦੀ ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵੱਧ ਹੈ, ਜਦਕਿ 64 ਪ੍ਰਤੀਸ਼ਤ ਨਮੂਨਿਆਂ ਵਿੱਚ ਟੀਡੀਸੀ 500 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਵੱਧ ਹੈ। ਇਹ ਨਮੂਨੇ ਸਾਲ 2022 ਵਿੱਚ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਸਨ ਅਤੇ ਉਨ੍ਹਾਂ ਦੀ ਤਿੰਨ ਸਾਲ ਤੱਕ ਜਾਂਚ ਕੀਤੀ ਗਈ। ਕਈ ਪਿੰਡਾਂ ਵਿੱਚ ਯੂਰੇਨੀਅਮ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ 30 ਮਾਈਕ੍ਰੋਗਰਾਮ ਪ੍ਰਤੀ ਲਿਟਰ ਤੋਂ 4 ਤੋਂ 9 ਗੁਣਾ ਵੱਧ ਮਿਲਿਆ। ਬਠਿੰਡਾ ਜ਼ਿਲ੍ਹੇ ਦੇ 136 ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ 65 ਤੋਂ 274 ਮਾਈਕ੍ਰੋਗਰਾਮ ਪ੍ਰਤੀ ਲਿਟਰ ਪਾਈ ਗਈ। ਖੋਜਕਰਤਾਵਾਂ ਦੇ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਅਤੇ ਖੇਤੀਬਾੜੀ ਲਈ ਵਰਤੀ ਜਾਣ ਵਾਲੀ ਫਾਸਫੇਟ ਖਾਦਾਂ ਦੀ ਵੱਧ ਵਰਤੋਂ ਸਮੱਸਿਆ ਦਾ ਮੁੱਖ ਕਾਰਣ ਹੈ। ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਪਿੰਡ ਸੇਖੂ, ਕੋਟਸ਼ਮੀਰ, ਪਟੇਲ ਨਗਰ, ਫੋਕਲ ਪੁਆਇੰਟ, ਕੋਟਭਾਰਾ, ਬੱਜੋਆਣਾ, ਬੱਲੂਆਣਾ, ਬੰਗੀ ਰਘੂ, ਰਾਮਾ ਮੰਡੀ ਅਤੇ ਗਿੱਲ ਪੱਤੀ ਸ਼ਾਮਲ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਸਰਹਿੰਦ ਨਹਿਰ ਤੋਂ ਮਿਲੇ ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਹੱਦ ਵਿੱਚ ਰਹੀ। ਪਿਛਲੇ 10 ਸਾਲਾਂ ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 4 ਮੀਟਰ ਤੱਕ ਨੀਵਾਂ ਹੋ ਗਿਆ ਹੈ। ਫਿਰ ਵੀ ਯੂਰੇਨੀਅਮ ਦੀ ਮਾਨੀਟਰਿੰਗ ਲਈ ਕੋਈ ਪ੍ਰਬੰਧ ਨਹੀਂ ਹੈ। ਕੇਂਦਰੀ ਗ੍ਰਾਊਂਡ ਵਾਟਰ ਬੋਰਡ ਹਾਲਾਂਕਿ ਸਾਲਾਨਾ ਰਿਪੋਰਟ ਜਾਰੀ ਕਰਦਾ ਹੈ, ਪਰ ਬਠਿੰਡਾ ਜ਼ਿਲ੍ਹੇ ਦੇ ਉੱਚ ਖਤਰੇ ਵਾਲੇ ਪਿੰਡਾਂ ਦੀ ਕੋਈ ਵਿਸ਼ੇਸ਼ ਸੂਚੀ ਉਪਲਬਧ ਨਹੀਂ। ਬਠਿੰਡਾ ਦੇ ਪਿੰਡ ਅਤੇ ਸ਼ਹਿਰਾਂ ਵਿੱਚ ਜਲ ਘਰਾਂ, ਨਲਕਿਆਂ, ਟਿਊਬਵੈਲ ਅਤੇ ਬਿਜਲੀ ਮੋਟਰਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੁੰਦੀ ਹੈ। ਪਰ ਸਰਕਾਰ ਵੱਲੋਂ ਯੂਰੇਨੀਅਮ ਸਾਧਣ ਵਾਲੇ ਪਲਾਂਟ ਨਹੀਂ ਲਗਾਏ ਗਏ। ਆਰਓ ਪਲਾਂਟਾਂ ਵੀ ਸਿਰਫ ਧਰਤੀ ਹੇਠਲੇ ਪਾਣੀ ਨੂੰ ਸਾਫ ਕਰਨ ਦੀ ਖਾਨਾਪੂਰਤੀ ਕਰਦੇ ਹਨ। ਡਾਕਟਰ ਪਵਨ ਕੁਮਾਰ ਦੇ ਅਨੁਸਾਰ ਲੰਬੇ ਸਮੇਂ ਤੱਕ ਯੂਰੇਨੀਅਮ ਮਿਲੇ ਪਾਣੀ ਨੂੰ ਪੀਣ ਨਾਲ ਹੱਡੀਆਂ ਅਤੇ ਗੁਰਦਿਆਂ ‘ਤੇ ਗੰਭੀਰ ਪ੍ਰਭਾਵ, ਨਰਵਿਸ ਸਿਸਟਮ, ਪੇਟ ਅਤੇ ਫੇਫੜੇ ਦੇ ਕੈਂਸਰ ਦਾ ਖਤਰਾ ਵਧਦਾ ਹੈ। ਨਵਜਨਮੇ ਬੱਚਿਆਂ ਦੀ ਹੱਡੀਆਂ ਅਤੇ ਮਾਂ ਦਾ ਗਰਭ ਵੀ ਪ੍ਰਭਾਵਿਤ ਹੋ ਸਕਦਾ ਹੈ। ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਐਮ.ਐਮ ਬਹਿਲ ਨੇ ਕਿਹਾ ਕਿ ਜਦੋਂ ਪਾਣੀ ਵਿੱਚ ਹੀ ਯੂਰੇਨੀਅਮ ਮਿਲਣ ਲੱਗਿਆ ਹੈ ਤਾਂ ਜ਼ਿੰਦਗੀ ਕਿੱਥੋਂ ਲੱਭਣ ਜਾਵਾਂਗੀ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਮਾਮਲਾ ਤੁਰੰਤ ਤਰਜੀਹੀ ਆਧਾਰ ‘ਤੇ ਨਜਿੱਠਣ ਦੀ ਲੋੜ ਹੈ।

Posted By: Daily Suraj Bureau

Latest News