ਮੌਸਮ/ਸੁਰੱਖਿਆ ਕਾਰਨਾਂ ਕਰਕੇ ਮੁਹਾਲੀ-ਸ੍ਰੀਨਗਰ ਉਡਾਣਾਂ ਰੱਦ
ਚੰਡੀਗੜ੍ਹ ਤੇ ਮੁਹਾਲੀ ਵਿਚ ਮੀਂਹ ਕਾਰਨ ਠੰਢ ਵਧੀ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਜ ਸਵੇਰ ਗਿਆਰਾਂ ਵਜੇ ਮੀਂਹ ਸ਼ੁਰੂ ਹੋਣ ਨਾਲ ਟਰਾਈਸਿਟੀ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਚੰਡੀਗੜ੍ਹ ਵਿਚ ਪਹਿਲਾਂ ਤੇਜ਼ ਮੀਂਹ ਪਿਆ ਪਰ ਬਾਅਦ ਵਿਚ ਮੀਂਹ ਦੀ ਰਫਤਾਰ ਘੱਟ ਗਈ। ਇਸ ਵੇਲੇ ਸਾਰਾ ਖੇਤਰ ਠੰਢ ਦੀ ਲਪੇਟ ਵਿਚ ਆ ਗਿਆ ਹੈ। ਇਹ ਮੀਂਹ ਦੁਪਹਿਰ ਦੇ ਇਕ ਵਜੇ ਤਕ ਵੀ ਜਾਰੀ ਸੀ। ਦੱਸਣਯੋਗ ਹੈ ਕਿ ਦੋ ਦਿਨਾਂ ਵਿਚ ਠੰਢ ਘੱਟ ਗਈ ਸੀ ਪਰ ਅੱਜ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ ਹੈ। ਦੂਜੇ ਪਾਸੇ ਸ੍ਰੀਨਗਰ ਵਿੱਚ ਖਰਾਬ ਮੌਸਮ ਤੇ ਬਰਫਬਾਰੀ ਕਾਰਨ ਮੰਗਲਵਾਰ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚੰਡੀਗੜ੍ਹ ਤੋਂ ਸ੍ਰੀਨਗਰ ਆਉਣ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਤੋਂ ਚੰਡੀਗੜ੍ਹ ਲਈ ਉਡਾਣ ਨੰਬਰ 262/6352 ਅਤੇ ਸ੍ਰੀਨਗਰ ਤੋਂ ਚੰਡੀਗੜ੍ਹ ਲਈ ਉਡਾਣ ਨੰਬਰ 874/6041 ਨੂੰ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਿਹਾ ਸੀ ਕਿ ਚੰਡੀਗੜ੍ਹ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬਿਜਲੀ ਡਿੱਗਣ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ।
Posted By: Daily Suraj Bureau