ਰੰਗਸਾਜ਼ੀ ਮਾਮਲੇ ‘ਚ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਨੂੰ ਪੱਕੀ ਜ਼ਮਾਨਤ
ਜ਼ਿਲ੍ਹਾ ਤੇ ਸੈਸ਼ਨਜ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਦੀ 50 ਲੱਖ ਰੁਪਏ ਰੰਗਸਾਜ਼ੀ ਮੰਗਣ ਦੇ ਇਕ ਕੇਸ ’ਚੋਂ ਪੱਕੀ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ। ਪ੍ਰੀਤਪਾਲ ਕੌਰ ਅਤੇ ਉਸ ਦਾ ਪਤੀ ਸ਼ਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ ’ਚ ਬੰਦ ਸਨ। ਪ੍ਰੀਤਪਾਲ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਿਰਫ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ 60 ਹਜ਼ਾਰ ਦੇ ਬੇਲ ਬਾਂਡ ਨਾਲ ਪੱਕੀ ਜ਼ਮਾਨਤ ਦੇ ਹੁਕਮ ਦੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 3 ਦਸੰਬਰ 2024 ਨੂੰ ਲਾਗਲੇ ਪਿੰਡ ਦੇ ਇਕ ਅਧਿਆਪਕ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਉਸ ਨੂੰ ਵਿਦੇਸ਼ੀ ਫੋਨ ਨੰਬਰ ਤੋਂ 50 ਲੱਖ ਰੁਪਏ ਦੀ ਰੰਗਸਾਜ਼ੀ ਦੇਣ ਦੀ ਤਿੰਨ ਵਾਰ ਧਮਕੀ ਆਈ ਹੈ ਜਿਸ ਵਿੱਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਸ ਵੇਲੇ ਪੁਲੀਸ ਨੇ ਇਹ ਮੁਕੱਦਮਾ ਅਣਪਛਾਤਿਆਂ ਖਿਲਾਫ ਦਰਜ ਕੀਤਾ ਸੀ। ਇਸ ਤੋਂ ਸਾਲ ਕੁ ਬਾਅਦ ਸ਼ਿਕਾਇਤਕਰਤਾ ਵੱਲੋਂ 25 ਜਨਵਰੀ 2026 ਨੂੰ ਥਾਣਾ ਸਦਰ ਦੀ ਪੁਲੀਸ ਨੂੰ ਸੂਚਿਤ ਕੀਤਾ ਕਿ ਉਸ ਪਾਸੋਂ ਰੰਗਸਾਜ਼ੀ ਮੰਗਣ ਅਤੇ ਧਮਕੀ ਦੇਣ ਵਾਲਾ ਵਿਅਕਤੀ ਸ਼ਮਸ਼ੇਰ ਸਿੰਘ ਹੈ ਜੋ ਗੈਂਗਸਟਰ ਗੋਲਡੀ ਬਰਾੜ ਦਾ ਪਿਤਾ ਹੈ। ਪੁਲੀਸ ਨੇ ਸ਼ਮਸ਼ੇਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਪਰ ਉਸ ਤੋਂ ਅਗਲੇ ਦਿਨ ਪੁਲੀਸ ਨੇ ਮੁੜ ਹੋਰ ਮੁਕੱਦਮਾ ਦਰਜ ਕਰਦਿਆਂ ਸ਼ਮਸ਼ੇਰ ਸਿੰਘ ਦੀ ਪਤਨੀ ਪ੍ਰੀਤਪਾਲ ਕੌਰ (ਮਾਤਾ ਗੋਲਡੀ ਬਰਾੜ) ਦੋਹਾਂ ਜੀਆਂ ਨੂੰ ਗ੍ਰਿਫਤਾਰ ਕਰਕੇ 26 ਜਨਵਰੀ 2026 ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ। ਜਿਥੇ ਅਦਾਲਤ ਨੇ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ। ਸਫਾਈ ਧਿਰ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਪਾਸੋਂ ਨਿਆਂ ਦੀ ਪੂਰਨ ਆਸ ਸੀ, ਇਸ ਲਈ ਉਨ੍ਹਾਂ ਜ਼ਮਾਨਤ ਦੀ ਅਰਜ਼ੀ ਪੇਸ਼ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਸਾਲ ਪਹਿਲਾਂ ਦਰਜ ਕਰਵਾਇਆ ਮੁਕੱਦਮਾ ਅਣਪਛਾਤੇ ਵਿਅਕਤੀਆਂ ਖਿਲਾਫ ਸੀ ਪਰ ਹੁਣ ਸਾਲ ਬਾਅਦ ਸ਼ਿਕਾਇਤਕਰਤਾ ਨੇ ਪਹਿਲੇ ਬਿਆਨ ਵਿੱਚ ਵੀ ਪ੍ਰੀਤਪਾਲ ਕੌਰ ਦਾ ਨਾਮ ਨਹੀਂ ਸੀ ਲਿਆ ਪਰ ਦੂਜੇ ਦਿਨ ਪੁਲੀਸ ਨੇ ਫਰਜ਼ੀ ਮੁਕੱਦਮਾ ਦਰਜ ਕਰਕੇ ਪ੍ਰੀਤਪਾਲ ਕੌਰ ਦਾ ਨਾਮ ਸ਼ਾਮਲ ਕੀਤਾ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਗ੍ਰਿਫਤਾਰੀ ਤੋਂ ਬਾਅਦ ਹੁਣ ਪੜਤਾਲ ਦਾ ਸਮਾਂ ਵੀ ਪੂਰਾ ਹੋ ਗਿਆ ਹੈ, ਜਿਸ ਦੌਰਾਨ ਪ੍ਰੀਤਪਾਲ ਕੌਰ ਖਿਲਾਫ ਕੋਈ ਸਬੂਤ ਨਹੀਂ ਮਿਲਿਆ। ਇਸ ਲਈ ਪ੍ਰੀਤਪਾਲ ਕੌਰ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਵੇ। ਅਦਾਲਤ ਨੇ ਸਫਾਈ ਧਿਰ ਦੇ ਵਕੀਲ ਬਾਬੂ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਹੋਰ ਸ਼ਰਤਾਂ ਦੇ ਨਾਲ ਬਿਨਾਂ ਅਦਾਲਤ ਦੀ ਇਜਾਜ਼ਤ ਦੇ ਮੁਲਕ ਨਾ ਛੱਡਣ ਦੀ ਸ਼ਰਤ ਵੀ ਲਾਈ ਹੈ।
Posted By: Daily Suraj Bureau