Daily Suraj

ਪੰਜਾਬੀ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ਵਿੱਚ ਆਉਣਗੇ ਭਾਰਤ, BRICS ਸੰਮੇਲਨ ’ਚ ਲੈਣਗੇ ਹਿੱਸਾ

14 Aug, 2026 04:36 PM

ਈਰਾਨੀ ਸਰੋਤਾਂ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ਮਹੀਨੇ ਵਿੱਚ ਭਾਰਤ ਦਾ ਦੌਰਾ ਕਰਨਗੇ। ਉਹ ਨਵੀਂ ਦਿੱਲੀ ਵਿੱਚ ਹੋਣ ਵਾਲੇ 18ਵੇਂ BRICS ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਉਣਗੇ। ਪੇਜ਼ੇਸ਼ਕੀਅਨ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਜਾ ਰਿਹਾ ਹੈ, ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਇਸ ਸਮੇਂ 2026 ਲਈ BRICS ਦੀ ਪ੍ਰਧਾਨਗੀ ਕਰ ਰਿਹਾ ਹੈ। ਇਸੇ ਤਹਿਤ ਰਾਜਧਾਨੀ ਨਵੀਂ ਦਿੱਲੀ ਵਿੱਚ 18ਵਾਂ BRICS ਸ਼ਿਖਰ ਸੰਮੇਲਨ ਕਰਵਾਇਆ ਜਾਵੇਗਾ। ਇਹ ਸੰਮੇਲਨ ਸਤੰਬਰ ਵਿੱਚ ਹੋਣ ਦੀ ਯੋਜਨਾ ਹੈ ਅਤੇ ਇਸ ਦੇ 12 ਤੇ 13 ਸਤੰਬਰ ਨੂੰ ਆਯੋਜਿਤ ਹੋਣ ਦੀ ਸੰਭਾਵਨਾ ਹੈ। ਭਾਰਤ ਦੀ BRICS ਪ੍ਰਧਾਨਗੀ ਦੌਰਾਨ ਹੋਣ ਵਾਲੇ ਇਸ ਸੰਮੇਲਨ ਵਿੱਚ ਵਿਸ਼ਵ ਪੱਧਰੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ BRICS ਦੇ ਮੈਂਬਰ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਨਾਲ ਸਬੰਧਤ ਮੁੱਦੇ ਵੀ ਵਿਚਾਰੇ ਜਾਣਗੇ। ਪੇਜ਼ੇਸ਼ਕੀਅਨ ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਹੋਏ BRICS ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਈਰਾਨ ਵਿਚਕਾਰ ਸਬੰਧਾਂ ਦੇ ਨਾਲ-ਨਾਲ ਖੇਤਰੀ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਸੀ।

Posted By: Daily Suraj Bureau

Latest News