Daily Suraj

ਪੰਜਾਬੀ

ਪਾਕਿ ਡੌਂਕਰਾਂ ਵਲੋਂ ਈਰਾਨ 'ਚ ਅਗਵਾ ਕੀਤੇ ਤਿੰਨ ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਹਰ ਸੰਭਵ ਯਤਨ ਜਾਰੀ : ਕੁਲਦੀਪ ਧਾਲੀਵਾਲ

28 May, 2025 08:58 PM

ਅਜਨਾਲਾ : ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ ਜਾ ਰਹੇ ਪੰਜਾਬੀ ਨੌਜਵਾਨਾਂ ਨੂੰ ਇਰਾਨ ਵਿਚ ਪਾਕਿਸਤਾਨੀ ਡੌਂਕਰਾਂ ਵਲੋਂ ਅਗਵਾ ਕਰਨ ਦੇ ਮਾਮਲੇ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਈਰਾਨ ਵਿਚ ਜੋ ਤਿੰਨ ਪੰਜਾਬੀ ਨੌਜਵਾਨ ਲੜਕੇ ਅਗਵਾਕਾਰਾਂ ਵਲੋਂ ਫਿਰੌਤੀ ਲਈ ਅਗਵਾ ਕੀਤੇ ਗਏ ਹਨ, ਦੀ ਰਿਹਾਈ ਲਈ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਜ਼ਰੀਏ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਰਾਨ ਸਥਿਤ ਭਾਰਤੀ ਦੂਤਘਰ ਨੌਜਵਾਨਾਂ ਦੀ ਰਿਹਾਈ ਲਈ ਨੇੜੇ ਪਹੁੰਚ ਚੁੱਕਾ ਹੈ ਅਤੇ ਆਸ ਹੈ ਕਿ ਛੇਤੀ ਉਹ ਸਾਡੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਨਗੇ। ਉਨ੍ਹਾਂ ਫਿਰ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਾਨ ਤੋਂ ਪਿਆਰੇ ਬੱਚਿਆਂ ਨੂੰ ਗਲਤ ਰਸਤੇ ਰਾਹੀਂ ਵਿਦੇਸ਼ਾਂ ਵਿਚ ਨਾ ਭੇਜਣ। ਮੰਤਰੀ ਸ. ਧਾਲੀਵਾਲ ਨੇ ਕਿਹਾ ਕਿ ਮੈਂ ਬਤੌਰ ਚੌਕੀਦਾਰ ਰੋਜ਼ ਹੋਕਾ ਦਿੰਦਾ ਹਾਂ ਕਿ ਇਹ ਰਾਹ ਬਹੁਤ ਮਹਿੰਗਾ ਅਤੇ ਬਹੁਤ ਖ਼ਤਰੇ ਵਾਲਾ ਹੈ, ਸਮਝਾਉਣਾ ਮੇਰਾ ਫਰਜ਼ ਹੈ ਅੱਗੇ ਮੰਨਣਾ ਤੁਹਾਡੀ ਮਰਜ਼ੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਇੰਨੇ ਪੈਸੇ ਅਤੇ ਇੰਨੀ ਮਿਹਨਤ ਆਪਣੇ ਦੇਸ਼ ਵਿਚ ਕਰ ਲਈਏ ਤਾਂ ਆਪਾਂ ਬਹੁਤ ਸੌਖੀ ਰੋਟੀ ਆਪਣੇ ਘਰ ਵਿਚ ਬਹਿ ਕੇ ਖਾ ਸਕਦੇ ਹਾਂ ਜੋ ਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਥੇ ਬਹੁਤ ਹੱਡ ਭੰਨਵੀਂ ਮਿਹਨਤ ਕਰਕੇ ਬੰਦੇ ਨੂੰ ਕਈ ਸਾਲ ਪੈਰਾਂ ਸਿਰ ਹੋਣ ਉਤੇ ਲੱਗ ਜਾਂਦੇ ਹਨ ਜਦਕਿ ਇਥੇ ਆਦਮੀ ਆਪਣੇ ਘਰ ਵਿਚ ਰਹਿ ਕੇ ਆਪਣੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ ਥੋੜ੍ਹੀ ਮਿਹਨਤ ਕਰਕੇ ਬਹੁਤ ਵਧੀਆ ਰੁਜ਼ਗਾਰ ਚਲਾ ਸਕਦਾ ਹੈ। 

#PunjabYouth #IranHostageCrisis #PakistaniGangs #KuldeepDhaliwal #NRIPunjabis #BringThemBack #HumanRights #InternationalRescue #PunjabGovernment #MissingIndians

Posted By: Daily Suraj Bureau

Latest News