ਭਾਜਪਾ ਆਗੂਆਂ ਨੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਗੜੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ
(ਜਗਸੀਰ ਸਿੰਘ) - ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਕੱਲ੍ਹ ਸੰਗਰੂਰ ਫੇਰੀ ਦੌਰਾਨ ਜਿਲ੍ਹਾ ਸੰਗਰੁਰ ਦੇ ਭਾਜਪਾ ਆਗੂਆਂ ਵੱਲੋਂ ਜਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਮਾਣਯੋਗ ਰਾਜਪਾਲ ਪੰਜਾਬ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਖੇਪ ਸਮਾਗਮ ਦੌਰਾਨ ਭਾਜਪਾ ਆਗੂਆਂ ਕਰਮ ਲਹਿਲ, ਉਂਕਾਰ ਸਿੰਘ ਸਿੱਧੂ, ਸਤਵੰਤ ਸਿੰਘ ਪੂਨੀਆ ਅਤੇ ਬਰਜੇਸ਼ਵਰ ਗੋਇਲ ਨੇ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਮੌਸਮੀ ਤਬਦੀਲੀ, ਤੇਜ਼ ਬਾਰਿਸ਼, ਹਨੇਰੀਆਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਖੜੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਖਾਸ ਕਰਕੇ ਕਣਕ ਅਤੇ ਹੋਰ ਰੱਬੀ ਫਸਲਾਂ ਨੂੰ ਵੱਡੇ ਪੱਧਰ 'ਤੇ ਹਾਨੀ ਹੋਈ ਹੈ, ਜਿਸ ਨਾਲ ਕਿਸਾਨ ਵਰਗ ਆਰਥਿਕ ਤੌਰ 'ਤੇ ਬਹੁਤ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਗਈ ਹੈ ਅਤੇ ਉਹ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਤਰ੍ਹਾਂ ਦੀ ਕੁਦਰਤੀ ਆਫ਼ਤ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50,000 ਪ੍ਰਤੀ ਕਿਸਾਨ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ। ਫਸਲਾਂ ਦੇ ਨੁਕਸਾਨ ਦਾ ਵਿਸਥਾਰਪੂਰਵਕ ਗਿਰਦਾਵਰੀ ਸਰਵੇ ਕਰਵਾਇਆ ਜਾਵੇ। ਪ੍ਰਭਾਵਿਤ ਕਿਸਾਨਾਂ ਨੂੰ ਕਰਜਿਆਂ ਵਿੱਚ ਰਾਹਤ ਅਤੇ ਵਿਆਜ ਵਿੱਚ ਛੂਟ ਦਿੱਤੀ ਜਾਵੇ। ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਅਤੇ ਨੀਤੀਆਂ ਤਿਆਰ ਕੀਤੀਆਂ ਜਾਣ। ਭਾਜਪਾ ਆਗੂਆਂ ਵੱਲੋਂ ਲਗਾਤਾਰ ਰਾਬਤਾ ਬਣਾਉਣ ਅਤੇ ਮੰਗ ਪੱਤਰ ਦੇਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਬੰਦ ਪਏ ਸੰਗਰੂਰ ਦੇ ਅਜਾਇਬ ਘਰ ਖੱਲਣ 'ਤੇ ਉਨ੍ਹਾ ਰਾਜਪਾਲ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਾਇਬ ਘਰ ਖੁੱਲਣ ਨਾਲ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੁੜਣ ਦਾ ਮੌਕਾ ਮਿਲੇਗਾ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਪਰਦੀਪ ਗਰਗ ਧੂਰੀ, ਬੀਜੇਪੀ ਦੇ ਸੀਨੀਅਰ ਆਗੂ ਅਮਨ ਪੂਨੀਆ, ਲਲਿਤ ਗਰਗ ਅੇਡਵੋਕੇਟ, ਸੁਨੀਲ ਗੋਇਲ ਡਿੰਪਲ, ਅੰਕੁਰ ਜਿੰਦਲ ਐਡਵੋਕੇਟ, ਡਾ. ਭਗਵਾਨ ਸਿੰਘ, ਸਚਿਨ ਭਾਰਦਵਾਜ, ਰੋਮੀ ਗੋਇਲ, ਨਵਦੀਪ ਸ਼ਰਮਾ, ਸੰਜੀਵ ਕੁਮਾਰ ਲੱਕੀ, ਨਿਰਭੈ ਸਿੰਘ, ਸੁਰੇਸ਼ ਬੇਦੀ, ਸੁਰਿੰਦਰ ਸ਼ਰਮਾ, ਵਿਸ਼ਾਲ ਗਰਗ ਸੋਨੂੰ, ਸਤਨਾਮ ਸਿੰਘ ਆਦਿ ਵੀ ਹਾਜਰ ਸਨ।
Posted By: Daily Suraj Bureau