Daily Suraj

ਪੰਜਾਬੀ

ਬਠਿੰਡਾ ਧਰਨੇ ਤੋਂ ਪਹਿਲਾਂ ਸਖ਼ਤ ਸੁਰੱਖਿਆ, ਪੁਲੀਸ ਦਾ ਭਾਰੀ ਬੰਦੋਬਸਤ

18 Feb, 2026 03:28 PM

ਕਿਸਾਨ ਆਗੂਆਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਪੂਰੀ ਤਰ੍ਹਾਂ ਨਾਜਾਇਜ਼ ਹਨ ਅਤੇ ਜਦੋਂ ਤੱਕ ਦੋਵਾਂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਜਾਮ ਲਗਾਉਣ ਦੌਰਾਨ ਹਾਲਾਤ ਉਦੋਂ ਵਿਗੜ ਗਏ ਸਨ ਜਦੋਂ ਪੁਲੀਸ ਅਤੇ ਕਿਸਾਨਾਂ ਵਿਚਾਲੇ ਸਿੱਧਾ ਟਕਰਾਅ ਹੋਇਆ। ਉਸ ਸਮੇਂ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਸੀ। ਮੌਜੂਦਾ ਤਣਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨਾਂ ਦੀ ਰਿਹਾਈ ਲਈ ਇੱਥੇ ਮਿੰਨੀ ਸਕੱਤਰੇਤ ਸਾਹਮਣੇ ਲੱਗਣ ਵਾਲੇ ਪ੍ਰਸਤਾਵਿਤ ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਹੋਈ ਸੀ। ਸੂਤਰਾਂ ਮੁਤਾਬਿਕ ਲੰਘੀ ਰਾਤ ਕਿਸਾਨ ਆਗੂਆਂ ਦੇ ਘਰਾਂ ’ਚ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਕਿਸਾਨਾਂ ਨੂੰ ਘਰਾਂ ’ਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਕੁੱਝ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਗ਼ੌਰਤਲਬ ਹੈ ਕਿ 6 ਫਰਵਰੀ ਨੂੰ ਯੂਨੀਅਨ ਵੱਲੋਂ ਬਠਿੰਡਾ ’ਚ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦੇ ਪ੍ਰੋਗਰਾਮ ਨੂੰ ਪੁਲੀਸ ਪ੍ਰਸ਼ਾਸਨ ਨੇ ਥਾਂ-ਥਾਂ ’ਤੇ ਰੋਕਾਂ ਲਾ ਕੇ ਸਾਬੋਤਾਜ਼ ਕਰ ਦਿੱਤਾ ਸੀ ਅਤੇ ਅੱਗੇ ਵਧਦੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰੋਕਣ ਲਈ ਅੱਥਰੂ ਗੈਸ, ਜਲ ਤੋਪਾਂ ਅਤੇ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਸੀ।

Posted By: Daily Suraj Bureau

Latest News