ਸੀਟੂ ਵਲੋਂ ਲੋਕ ਘੋਲਾਂ ਲਈ ਸੰਘਰਸ਼ ਦਾ ਐਲਾਨ
ਕਿਸਾਨ-ਮਜ਼ਦੂਰ ਕੁਰਬਾਨੀਆਂ ਲਈ ਤਿਆਰ ਰਹਿਣ : ਕਾਮਰੇਡ ਚੰਦਰ ਸ਼ੇਖਰ
ਸੰਗਰੂਰ,(ਜਗਸੀਰ ਸਿੰਘ)- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਚੱਲ ਰਹੇ ਸੀਟੂ ਆਲ ਇੰਡੀਆ ਦੇ ਡੈਲੀਗੇਸ਼ਨ ਅਜਲਾਸ ਦੇ ਅੱਜ ਤੀਜੇ ਦਿਨ ਕੌਮੀ ਜਨਰਲ ਸਕੱਤਰ ਕਾਮਰੇਡ ਤਪਨ ਸੇਨ ਵਲੋਂ ਪੇਸ਼ ਕੀਤੀ ਰਾਜਨੀਤਕ ਰਿਪੋਰਟ ਤੇ ਅੱਜ ਵੱਖ-ਵੱਖ ਰਾਜਾਂ ਦੇ ਡੈਲੀਗੇਟਸ ਆਗੂਆਂ ਵਲੋਂ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਡੈਲੀਗੇਸ਼ਨ ਵਲੋਂ ਕਾਮਰੇਡ ਚੰਦਰ ਸ਼ੇਖਰ ਸੂਬਾਈ ਪ੍ਰਧਾਨ ਸੀਟੂ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਸਾਨੂੰ ਸੱਤਾ ਦਾ ਸੁੱਖ ਭੋਗ ਚੁੱਕੇ ਅਕਾਲੀ ਦਲ ਵਾਲੇ, ਕਾਂਗਰਸੀ ਤੇ ਕੇਂਦਰੀ ਸੱਤਾ 'ਤੇ ਬਿਰਾਜਮਾਨ ਭਾਜਪਾ ਤੇ ਪੰਜਾਬ ਦੀ ਸੱਤਾ 'ਤੇ ਕਾਬਜ ਆਮ ਪਾਰਟੀ ਵਾਲਿਆਂ ਕੋਲ ਨਾ ਤਾਂ ਲੋਕਾਂ ਦੇ ਮਸਲਿਆਂ ਦਾ ਕੋਈ ਹੱਲ ਹੈ ਤੇ ਨਾ ਹੀ ਇਹ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਦਮ ਚੁੱਕ ਸਕਦੇ ਹਨ । ਸਾਨੂੰ ਲੋਕ ਮਸਲੇ ਹੱਲ ਕਰਵਾਉਣ ਲਈ ਕਿਸਾਨਾਂ,ਮਜਦੂਰਾਂ, ਖੇਤ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਉਨਾਂ ਦੇ ਮਸਲਿਆਂ ਦੇ ਅਧਾਰ 'ਤੇ ਲਾਮਬੰਦ ਕਰਦੇ ਹੋਏ ਸੰਘਰਸ਼ਾਂ ਉੱਤੇ ਹੀ ਟੇਕ ਰੱਖਣੀ ਚਾਹੀਦੀ ਹੈ। ਇਸ ਲਈ ਲੋਕ ਲਾਮਬੰਦੀ ਸਾਡਾ ਪਹਿਲਾ ਉਦੇਸ਼ ਹੋਣਾ ਚਾਹੀਦਾ ਹੈ। ਇਹ ਜਨਤਕ ਲਾਮਬੰਦੀ ਜਿਥੇ ਫਿਰਕੂ ਫਾਸ਼ੀਵਾਦ ਨੂੰ ਹਰਾਉਣ ਵਿਚ ਅਹਿਮ ਰੋਲ ਅਦਾ ਕਰੇਗੀ ਉਥੇ ਹੀ ਇਹ ਸਾਡੇ ਸਵਿਧਾਨ ਤੇ ਸਵਿਧਾਨਕ ਅਧਿਕਾਰਾਂ ਦੀ ਰਾਖੀ ਲਈ, ਜਨਤਕ ਮਸਲੇ ਹੱਲ ਕਰਵਾਉਣ ਲਈ ਤੇ ਲੋਕ ਘੋਲਾਂ ਨੂੰ ਹੋਰ ਤਿੱਖਾਂ ਕਰਨ ਵਿਚ ਵੀ ਪ੍ਰਮੁੱਖ ਭੂਮਿਕਾ ਨਿਭਾਈਏਗੀ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵਲੋਂ ਲੋਕ ਘੋਲਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਤਾਨਾਸ਼ਾਹੀ ਰਵੱਈਏ, ਕਿਸਾਨਾਂ, ਮਜਦੂਰਾਂ ਤੇ ਪੱਤਰਕਾਰਾਂ ਉਤੇ ਪਰਚੇ ਦਰਜ ਕਰਨ ਤੇ ਜੇਲ੍ਹਾਂ 'ਚ ਡੱਕਣ ਦੀ ਵੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਮੌਕੇ ਉਨਾਂ ਸੰਯੁਕਤ ਕਿਸਾਨ ਮੋਰਚੇ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ-ਮਜਦੂਰ ਏਕਤਾ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ ਤੇ ਇਸ ਭਰੋਸੇ ਨੂੰ ਹੋਰ ਪਕੇਰਾ ਬਨਾਉਣ ਲਈ ਸਾਨੂੰ ਵਧੇਰੇ ਮਿਹਨਤ ਤੇ ਕੁਰਬਾਨੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਜ ਡੈਲੀਗੇਸ਼ਨ ਹਾਊਸ ਵਿਚ ਇਕ ਵਿਸੇਸ਼ ਮਤਾ ਪੇਸ਼ ਕਰਕੇ ਬੰਗਾਲ ਦੇ ਮਜ਼ਦੂਰਾਂ ਉਪਰ ਹਿੰਦੂਤਵਵਾਦੀ ਤੱਤਾਂ ਵਲੋਂ ਬੰਗਲਾਦੇਸ਼ੀ ਕਹਿ ਕੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੇ ਕਤਲਾਂ ਦੀ ਸਖ਼ਤ ਸ਼ਬਦਾਂ ਵਿਚ ਨਖੇਧੀ ਕੀਤੀ ਗਈ ਤੇ ਮੰਗ ਕੀਤੀ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਇਨਾਂ ਅੰਤਰਰਾਜ਼ੀ ਮਜਦੂਰਾਂ ਦੀ ਸੁਰੱਖਿਆ ਲਈ ਆਪਣੀ ਜਿੰਮੇਵਾਰੀ ਤਾਨਦੇਹੀ ਨਾਲ ਨਿਭਾਉਣ ਤੇ ਦੋਸ਼ੀ ਹਮਲਾਵਰਾਂ ਨੂੰ ਮਿਸ਼ਾਲੀ ਸਜਾਵਾਂ ਦੇਣਾ ਯਕੀਨੀ ਬਣਾਉਣ। ਵਰਨਣਯੋਗ ਹੈ ਕਿ ਸੀਟੂ ਦੀ ਇਸ 5 ਰੋਜ਼ਾ ਕੌਮੀ ਕਾਨਫਰੰਸ ਵਿਚ ਪੰਜਾਬ ਵਿਚੋਂ 19 ਮੈਂਬਰੀ ਡੈਲੀਗੇਸ਼ਨ ਭਾਗ ਲੈ ਰਿਹਾ ਹੈ।
Posted By: Daily Suraj Bureau