ਸੁਲਤਾਨਪੁਰ ਲੋਧੀ ਨੇੜਲੇ ਪਿੰਡ ਗਿੱਲਾਂ ਗਾਖਲਾਂ ਵਿੱਚ ਬੱਚੇ ‘ਤੇ ਕੁੱਤਿਆਂ ਨੇ ਕੀਤਾ ਹਮਲਾ
ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਗਿੱਲਾਂ ਗਾਖਲਾਂ ਵਿੱਚ ਆਵਾਰਾ ਕੁੱਤਿਆਂ ਨੇ ਇੱਕ 8 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਘਟਨਾ ਇਸ ਸਮੇਂ ਵਾਪਰੀ ਜਦੋਂ ਬੱਚਾ ਆਪਣੀ ਮਾਂ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਆਪਣੇ ਪਿਤਾ ਨੂੰ ਰੋਟੀ ਦੇਣ ਖੇਤਾਂ ਵਿੱਚ ਗਿਆ ਸੀ। ਜਦ ਬੱਚਾ ਥੋੜ੍ਹੀ ਦੇਰ ਲਈ ਨੇੜਲੇ ਖੇਤ ਵਿੱਚ ਗਿਆ, ਉੱਥੇ ਪੰਜ ਆਵਾਰਾ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤਿਆਂ ਦੇ ਵੱਢਣ ਕਾਰਨ ਬੱਚੇ ਦੇ ਸਰੀਰ ‘ਤੇ ਕਈ ਡੂੰਘੇ ਜ਼ਖ਼ਮ ਹੋ ਗਏ। ਬੱਚੇ ਦੀਆਂ ਚੀਕਾਂ ਸੁਣਕੇ ਮਾਪੇ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬੱਚੇ ਨੂੰ ਕੁੱਤਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਬੱਚੇ ਦਾ ਕਾਫੀ ਖੂਨ ਵਹਿ ਚੁੱਕਾ ਸੀ। ਬੱਚੇ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੇ ਜ਼ਖ਼ਮ ਬਹੁਤ ਗੰਭੀਰ ਸਨ ਅਤੇ ਉਹ ਆਪਣੀ ਜਾਨ ਨਹੀਂ ਬਚਾ ਸਕੇ। ਪਰਿਵਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਵਿੱਚ ਆਲੂਆਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਆਇਆ ਸੀ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਨੂੰ ਲੈ ਕੇ ਭਾਰੀ ਰੋਸ ਜਤਾਉਂਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਬਚਾਅ ਲਈ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਸਥਾਨਕ ਪ੍ਰਸ਼ਾਸਨ ਨੂੰ ਵੀ ਇਸ ਮਾਮਲੇ ਵਿੱਚ ਜ਼ਿਆਦਾ ਚੌਕਸੀ ਅਤੇ ਆਵਾਰਾ ਕੁੱਤਿਆਂ ਦੇ ਨਿਯੰਤਰਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।
Posted By: Daily Suraj Bureau