Daily Suraj

ਪੰਜਾਬੀ

ਨਸ਼ੇ ਦੀ ਓਵਰਡੋਜ਼ ਦਾ ਕਹਿਰ: ਪੁਲੀਸ ਮੁਲਾਜ਼ਮ ਦੇ ਪੁੱਤਰ ਦੀ ਮੌਤ

14 Feb, 2026 09:54 AM

ਭਾਵੇਂ ਪੰਜਾਬ ਪੁਲੀਸ ਸੂਬਾ ਸਰਕਾਰ ਦੀਆਂ ਪ੍ਰਮੁੱਖ ਮੁਹਿੰਮਾਂ — 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਆਪ੍ਰੇਸ਼ਨ ਪ੍ਰਹਾਰ' — ਤਹਿਤ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਜਾਰੀ ਰੱਖ ਰਹੀ ਹੈ, ਪਰ ਇੱਕ ਪੁਲੀਸ ਮੁਲਾਜ਼ਮ ਦੇ ਪੁੱਤਰ ਦੀ ਨਸ਼ੇ ਦੀ ਕਥਿਤ ਓਵਰਡੋਜ਼ ਨਾਲ ਹੋਈ ਮੌਤ ਨੇ ਜ਼ਮੀਨੀ ਹਕੀਕਤ ਬਾਰੇ ਅਸੁਖਾਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਗੁਰੂ ਨਾਨਕ ਪੁਰਾ ਦੇ ਰਹਿਣ ਵਾਲੇ ਆਕਾਸ਼ਦੀਪ ਸੈਣੀ (26) ਨੂੰ ਕੱਲ੍ਹ ਦੇਰ ਸ਼ਾਮ ਇੱਕ ਸਥਾਨਕ ਧਾਰਮਿਕ ਸਥਾਨ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦਾ ਪਿਤਾ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਹੈ। ਆਕਾਸ਼ਦੀਪ ਗ੍ਰੈਜੂਏਟ ਸੀ ਅਤੇ ਪਹਿਲਾਂ ਇੱਕ ਸਰਗਰਮ ਫੁੱਟਬਾਲ ਖਿਡਾਰੀ ਰਿਹਾ ਸੀ। ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਛੁਡਾਊ ਕੇਂਦਰ ਤੋਂ ਮੁੜ ਵਸੇਬਾ ਪੂਰਾ ਕਰਕੇ ਕੁਝ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਆਕਾਸ਼ਦੀਪ ਇਸ ਘਟਨਾ ਤੋਂ ਪਹਿਲਾਂ ਅਦਾਲਤ ਦੀ ਸੁਣਵਾਈ ਦੇ ਸਬੰਧ ਵਿੱਚ ਇੱਕ ਦੋਸਤ ਨਾਲ ਬਾਹਰ ਗਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਆਕਾਸ਼ਦੀਪ ਗੁਰੂ ਨਾਨਕ ਪੁਰਾ ਦੇ ਬੋਹੜੀ ਸਾਹਿਬ ਗੁਰਦੁਆਰੇ ਨੇੜੇ ਪਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਦੀਆਂ ਕੋਸ਼ਿਸ਼ਾਂ ’ਤੇ ਸਵਾਲ ਉਠਾਉਂਦੇ ਹੋਏ ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ, “ਜੇ ਨਸ਼ੇ ਆਸਾਨੀ ਨਾਲ ਉਪਲਬਧ ਹਨ, ਤਾਂ ਪੁਲੀਸ ਕੀ ਕਰ ਸਕਦੀ ਹੈ? ਮੇਰਾ ਪੁੱਤਰ ਮੁੜ ਵਸੇਬੇ ਤੋਂ ਬਾਅਦ ਵਾਪਸ ਆਇਆ ਸੀ, ਸਿਰਫ਼ ਆਪਣੀ ਜਾਨ ਗੁਆਉਣ ਲਈ। ਇਹ ਸਭ ਦਰਸਾਉਂਦਾ ਹੈ ਕਿ ਇਹ ਸਮੱਸਿਆ ਕਿੰਨੀ ਭਿਆਨਕ ਹੈ।” ਇਸਲਾਮਾਬਾਦ ਥਾਣੇ ਦੇ ਐੱਸ ਐੱਚ ਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ।

Posted By: Daily Suraj Bureau

Latest News