ਪਾਬੰਦੀ ਦੇ ਬਾਵਜੂਦ ਸ਼ਰੇਆਮ ਵਿੱਕਦੀ ਚਾਈਨਾ ਡੋਰ ਨੇ ਸਰਕਾਰ ਦੇ ਦਾਅਵੇ ਕੀਤੇ ਖੋਖਲੇ-ਐਡਵੋਕੇਟ ਧਾਰਨੀ
ਮਨੁੱਖੀ ਜਾਨ ਲੈਣ ਵਾਲੀ ਖੂਨੀ ਚਾਈਨਾ ਡੋਰ ਪ੍ਰਤੀ ਸਖਤ ਕਾਨੂੰਨ ਬਨਾਉਂਣ ਦੀ ਲੋੜ ਫ਼ਤਹਿਗੜ੍ਹ ( ਮੁਖ਼ਤਿਆਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜ਼ਿਲ੍ਹਾ ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸਰੇਆਮ ਵਿਕਦੀ ਚਾਈਨਾ ਡੋਰ ਦੀ ਸਖਤ ਅਲੋਚਨਾ ਕਰਦਿਆ ਕਿਹਾ ਕਿ ਇਸ ਨੇ ਸਰਕਾਰ ਅਤੇ ਪ੍ਰਸਾਸਨ ਦੇ ਦਾਅਵੇ ਖੋਖਲੇ ਕਰ ਦਿਤੇ ਹਨ ਅਤੇ ਸਪਸ਼ਟ ਕਰ ਦਿਤਾ ਕਿ ਪਾਬੰਦੀ ਲਗਾਉਣ ਦੇ ਦਾਅਵੇ ਕੇਵਲ ਸਰਕਾਰੀ ਫਾਈਲਾਂ ਵਿਚ ਖਾਨਾਪੂਰਤੀ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਇਸ ਡੋਰ ਕਾਰਣ ਇਸ ਸਾਲ ਵੀ ਕਈ ਕੀਮਤੀ ਜਾਨਾ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ਰਆਮ ਵਿਕਦੀ ਚਾਈਨਾ ਡੋਰ ਲਈ ਕਿਸੇ ਵੀ ਅਧਿਕਾਰੀ ਦੀ ਜਵਾਬਦੇਹੀ ਤਹਿ ਨਹੀਂ ਕੀਤੀ ਗਈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਖੂਨੀ ਚਾਈਨਾ ਡੋਰ ਰਾਹੀਂ ਆਪਣੀਆਂ ਜਾਨਾਂ ਗੁਆ ਕੇ ਦੇਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਪੱਧਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਚਾਈਨਾ ਡੋਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰਕੇ ਖਾਨਾਪੂਰਤੀ ਕਰ ਲਈ ਜਾਂਦੀ ਹੈ ਪਰ ਕਿਸੇ ਅਧਿਕਾਰੀ ਜਾਂ ਵਿਭਾਗ ਦੀ ਜ਼ਿੰਮੇਵਾਰੀ ਤਹਿ ਨਹੀਂ ਕੀਤੀ ਜਾਂਦੀ ਜਿਸ ਕਰਕੇ ਇਸ ਦੀ ਵਰਤੋਂ ਸਰੇਆਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਕੋਈ ਸਖਤ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪਤੰਗਬਾਜੀ ਕਰਨ ਵਾਲਿਆਂ ਤੋਂ ਪੁਛਿਆ ਕਿ ਉਹ ਚਾਈਨਾ ਡੋਰ ਕਿਸ ਦੁਕਾਨਦਾਰ ਪਾਸੋ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਅਦਾਲਤਾਂ ਪਸ਼ੂਆਂ ਅਤੇ ਜਾਨਵਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾ ਸਕਦੀਆਂ ਹਨ ਤਾਂ ਇਨਸਾਨੀ ਜੀਵਨ ਨਾਲ ਖੁੱਲ੍ਹੇਆਮ ਖਿਲਵਾੜ ਕਰਨ ਵਾਲੀਆਂ ਚਾਈਨਾ ਡੋਰ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਕਾਨੂੰਨ ਨਹੀਂ ਬਣਾ ਸਕਦੀਆਂ ? ਉਨ੍ਹਾਂ ਇਸ ਮਾਮਲੇ ਵਿਚ ਸਖਤ ਕਾਨੂੰਨ ਲਿਆਉਂਣ ਦੀ ਅਪੀਲ ਕਰਦਿਆ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਸੋਚਣ ਅਤੇ ਅਜਿਹੀਆਂ ਸਰਕਾਰਾਂ ਦੀ ਚੋਣ ਕਰਨ ਜੋਂ ਦੇਸ਼ ਅਤੇ ਸੂਬੇ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹੋਵੇ।
Posted By: Daily Suraj Bureau