ਪੰਜਾਬ ‘ਚ ਪਾਣੀ ਨੂੰ ਲੈ ਕੇ ਟਕਰਾਅ, ਦੋ ਮਰੇ ਤੇ ਤਿੰਨ ਜ਼ਖ਼ਮੀ
ਇੱਥੋਂ ਦੇ ਗਿੱਦੜਬਾਹਾ ਉਪ-ਮੰਡਲ ਦੇ ਕੋਠੇ ਦਸ਼ਮੇਸ਼ ਨਗਰ ਵਿਖੇ ਸ਼ੁੱਕਰਵਾਰ ਰਾਤ ਨੂੰ ਸਿੰਜਾਈ ਵਾਲੇ ਪਾਣੀ ਦੇ ਖਾਲ ਨੂੰ ਲੈ ਕੇ ਹੋਏ ਹਿੰਸਕ ਝਗੜੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਖਾਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਖਾਲ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਧਿਰ ਨੇ ਇਸ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਦੂਜੀ ਧਿਰ ਨੇ ਵਿਰੋਧ ਕੀਤਾ। ਇਸ ਕਾਰਨ ਹੋਈ ਤਕਰਾਰ ਹਿੰਸਕ ਝੜਪ ਵਿੱਚ ਬਦਲ ਗਈ, ਜਿਸ ਵਿੱਚ ਦੋਵਾਂ ਧਿਰਾਂ ਨੇ ਕਥਿਤ ਤੌਰ 'ਤੇ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਥਿਤੀ ਗੰਭੀਰ ਹੋ ਗਈ ਅਤੇ ਟਕਰਾਅ ਦੌਰਾਨ ਗੋਲੀਆਂ ਵੀ ਚੱਲੀਆਂ। ਪਿੰਡ ਕੋਟਭਾਈ ਦੇ ਨਿਰਮਲ ਸਿੰਘ ਅਤੇ ਕੋਠੇ ਦਸ਼ਮੇਸ਼ ਨਗਰ ਦੇ ਬਲਜੀਤ ਸਿੰਘ, ਜਿਨ੍ਹਾਂ ਦੀ ਉੱਥੇ ਵਾਹੀਯੋਗ ਜ਼ਮੀਨ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਡੀ.ਐਸ.ਪੀ. ਗਿੱਦੜਬਾਹਾ ਅਰੁਣ ਮੁੰਡਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
Posted By: Daily Suraj Bureau