ਕੁਦਰਤ ਦੀ ਕਰੋਪੀ: ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
(ਬਲਜਿੰਦਰ ਸਿੰਘ ਪਨਾਗ) ਪੰਜਾਬ ਦੇ ਕਿਸਾਨ, ਜੋ ਪੂਰਾ ਸਾਲ ਹੱਡ-ਭੰਨਵੀਂ ਮਿਹਨਤ ਕਰਕੇ 'ਸੋਨੇ' ਵਰਗੀ ਕਣਕ ਦੀ ਫ਼ਸਲ ਪਾਲਦੇ ਹਨ, ਅੱਜ ਕੁਦਰਤ ਦੀ ਮਾਰ ਕਾਰਨ ਅੱਖਾਂ ਵਿੱਚ ਹੰਝੂ ਲੈ ਕੇ ਬੈਠੇ ਹਨ। ਮੰਡੀ ਗੋਬਿੰਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਮੌਸਮ ਕਿਸਾਨਾਂ ਲਈ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਸਾਬਤ ਹੋ ਰਿਹਾ। ਜਿਨ੍ਹਾਂ ਕਿਸਾਨਾਂ ਨੇ ਆਪਣੀ ਫ਼ਸਲ ਵੱਢ ਕੇ ਮੰਡੀ ਵਿੱਚ ਲਿਆਂਦੀ ਸੀ, ਉਨ੍ਹਾਂ ਨੂੰ ਉਮੀਦ ਸੀ ਕਿ ਫ਼ਸਲ ਵਿਕਣ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਘਰ ਜਾਣਗੇ। ਪਰ ਅਚਾਨਕ ਆਈ ਬਾਰਿਸ਼ ਨੇ ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਸਿਰਫ਼ ਮੰਡੀਆਂ ਹੀ ਨਹੀਂ, ਸਗੋਂ ਖੇਤਾਂ ਵਿੱਚ ਖੜ੍ਹੀ ਫ਼ਸਲ ਦਾ ਵੀ ਬੇਹੱਦ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ। ਮਾਹਿਰਾਂ ਅਨੁਸਾਰ: ਜੇਕਰ ਕਣਕ ਪਾਣੀ ਵਿੱਚ ਡੁੱਬੀ ਰਹਿੰਦੀ ਹੈ, ਤਾਂ ਦਾਣਾ ਕਾਲਾ ਪੈ ਸਕਦਾ ਹੈ।ਫ਼ਸਲ ਵਿਛਣ ਕਾਰਨ ਕੰਬਾਈਨ ਨਾਲ ਕਟਾਈ ਕਰਨ ਵਿੱਚ ਮੁਸ਼ਕਲ ਆਵੇਗੀ ਅਤੇ ਝਾੜ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ।ਨਮੀ ਕਾਰਨ ਕਣਕ ਦੀ ਗੁਣਵੱਤਾ ਘਟੇਗੀ, ਜਿਸ ਦਾ ਸਿੱਧਾ ਅਸਰ ਕਿਸਾਨ ਦੀ ਜੇਬ 'ਤੇ ਪਵੇਗਾ ਗੱਲਬਾਤ ਕਰਦਿਆਂ ਸਥਾਨਕ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਮਹਿੰਗੇ ਭਾਅ ਦੇ ਬੀਜ, ਖਾਦਾਂ ਅਤੇ ਡੀਜ਼ਲ ਫੂਕ ਕੇ ਫ਼ਸਲ ਤਿਆਰ ਕੀਤੀ ਸੀ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜੂਰ ਹੈ ।
Posted By: Daily Suraj Bureau