ਦਰਬਾਰ ਮੀਰਾਂ ਪਾਤਸ਼ਾਹ ਸ਼ਾਹ ਹੁਸੈਨ ਜੀ ਵਿਖੇ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
12 ਲੋੜਵੰਦ ਲੜਕੀਆਂ ਦੇ ਕਰਵਾਏ ਸਮੂਹਿਕ ਵਿਆਹ, ਦਿੱਤਾ ਘਰੇਲੂ ਲੋੜਾਂ ਦਾ ਸਾਮਾਨ ਬਾਬਾ ਸੁਖਜੀਤ ਸਿੰਘ ਜੋਗੀ ਤੇ ਜਸ਼ਨਪ੍ਰੀਤ ਸਿੰਘ ਵੱਲੋਂ ਨਾਮਵਰ ਸੂਫ਼ੀ ਕਲਾਕਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕਪੂਰਥਲਾ, (ਇੰਦਰਜੀਤ) ਤਲਵੰਡੀ ਚੌਧਰੀਆਂ-ਟਿੱਬਾ ਰੋਡ ਉੱਪਰ ਸਥਿਤ ਮੀਰਾਂ ਪਾਤਸ਼ਾਹ ਦੇ ਦਰਬਾਰ ਸ਼ਾਹ ਹੁਸੈਨ ਜੀ ਵਿਖੇ ਗੱਦੀ ਨਸ਼ੀਨ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਜਸ਼ਨਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ, ਧੂਮ-ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮੂਹ ਨਗਰ ਨਿਵਾਸੀਆਂ ਅਤੇ ਦੇਸ਼-ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਇਸ ਸਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਦਰਬਾਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਜੋੜ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਈ। ਇਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਬੜੀ ਸ਼ਰਧਾ ਭਾਵਨਾ ਨਾਲ ਪਾਏ ਗਏ। ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਸਿੰਘਾਂ ਦੇ ਜੱਥਿਆਂ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਮਾਹੌਲ ਨੂੰ ਪੂਰੀ ਤਰ੍ਹਾਂ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ।ਇਸ ਜੋੜ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਦਰਬਾਰ ਵੱਲੋਂ ਨਿਭਾਈ ਗਈ ਸਮਾਜਿਕ ਜ਼ਿੰਮੇਵਾਰੀ ਰਹੀ। ਮੇਲੇ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ 12 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ। ਦਰਬਾਰ ਦੇ ਮੁੱਖ ਪ੍ਰਬੰਧਕਾਂ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਜਸ਼ਨਪ੍ਰੀਤ ਸਿੰਘ ਵੱਲੋਂ ਨਵ-ਵਿਆਹੀਆਂ ਜੋੜੀਆਂ ਨੂੰ ਉਨ੍ਹਾਂ ਦੇ ਨਵੇਂ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਲਈ ਘਰੇਲੂ ਜ਼ਰੂਰਤ ਦਾ ਹਰ ਲੋੜੀਂਦਾ ਸਾਮਾਨ ਤੋਹਫ਼ੇ ਵਜੋਂ ਦਿੱਤਾ ਗਿਆ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।ਮੇਲੇ ਦੇ ਅਗਲੇ ਪੜਾਅ ਵਿੱਚ ਇੱਕ ਵਿਸ਼ਾਲ ਸੱਭਿਆਚਾਰਕ ਅਤੇ ਸੂਫ਼ੀਆਨਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਨਾਮਵਰ ਸੂਫ਼ੀ ਅਤੇ ਸੱਭਿਆਚਾਰਕ ਗਾਇਕਾਂ, ਜਿਨ੍ਹਾਂ ਵਿੱਚ ਰਜ਼ਾ ਸਿਸਟਮ, ਅਸ਼ਰਫ ਸਾਬਰੀ, ਸਰਦਾਰ ਅਲੀ, ਰਮਨ ਸੂਫ਼ੀ, ਚੰਨੀ ਗਿੱਲ ਅਤੇ ਰਹਿਣਤ ਅਲੀ ਸ਼ਾਮਲ ਸਨ, ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਅਤੇ ਸੰਗਤਾਂ ਦਾ ਖੂਬ ਮਨੋਰੰਜਨ ਕੀਤਾ। ਕਲਾਕਾਰਾਂ ਦੀ ਬਿਹਤਰੀਨ ਪੇਸ਼ਕਾਰੀ ਤੋਂ ਖੁਸ਼ ਹੋ ਕੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਜਸ਼ਨਪ੍ਰੀਤ ਸਿੰਘ ਨੇ ਗਾਇਕਾਂ ਉੱਪਰ ਨੋਟਾਂ ਅਤੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਦਰਬਾਰ ਵੱਲੋਂ ਪਹੁੰਚੇ ਸਾਰੇ ਕਲਾਕਾਰਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਪਤਵੰਤਿਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਦੌਰਾਨ ਦਰਬਾਰ ਤੋਂ ਮੁਰਾਦਾਂ ਪੂਰੀਆਂ ਹੋਣ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਨਤਮਸਤਕ ਹੋਣ ਪਹੁੰਚੀਆਂ। ਬਾਬਾ ਸੁਖਜੀਤ ਸਿੰਘ ਜੋਗੀ ਅਤੇ ਜਸ਼ਨਪ੍ਰੀਤ ਸਿੰਘ ਨੇ ਸਾਰੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਸ਼ੁਭ ਅਸੀਸਾਂ ਦਿੱਤੀਆਂ ਅਤੇ ਬੱਚਿਆਂ ਉੱਪਰ ਵੀ ਨੋਟਾਂ ਤੇ ਡਾਲਰਾਂ ਦੀ ਵਰਖਾ ਕਰਦਿਆਂ ਪਿਆਰ ਵੰਡਿਆ।ਮੇਲੇ ਦੌਰਾਨ ਤਿੰਨੋਂ ਦਿਨ ਸੰਗਤਾਂ ਲਈ ਦਰਬਾਰ ਦੇ ਗੋਲਕ ਲੰਗਰ ਅਟੁੱਟ ਵਰਤਾਏ ਗਏ। ਇਸ ਤੋਂ ਇਲਾਵਾ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਚਾਹ-ਪਕੌੜਿਆਂ ਦੇ ਵਿਸ਼ੇਸ਼ ਸਟਾਲ ਲਗਾਏ ਗਏ ਸਨ, ਜਿੱਥੇ ਸੇਵਾਦਾਰਾਂ ਨੇ ਦਿਨ-ਰਾਤ ਸੰਗਤ ਦੀ ਸੇਵਾ ਕੀਤੀ।ਮੇਲੇ ਦੀ ਸਮਾਪਤੀ ਮੌਕੇ ਬਾਬਾ ਸੁਖਜੀਤ ਸਿੰਘ ਜੋਗੀ ਅਤੇ ਜਸ਼ਨਪ੍ਰੀਤ ਸਿੰਘ ਨੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸਮੂਹ ਸੰਗਤਾਂ, ਇਲਾਕਾ ਨਿਵਾਸੀਆਂ ਅਤੇ ਸੇਵਾਦਾਰਾਂ ਦਾ ਇਸ ਸਲਾਨਾ ਸਮਾਗਮ ਨੂੰ ਸਫਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸੰਗਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਅਤੇ ਸਮਾਜ-ਭਲਾਈ ਦੇ ਸਮਾਗਮਾਂ ਵਿੱਚ ਹਮੇਸ਼ਾ ਵੱਧ-ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਮਾਗਮ ਸਾਨੂੰ ਆਪਸੀ ਭਾਈਚਾਰਕ ਸਾਂਝ ਅਤੇ ਮਾਨਵਤਾ ਦੀ ਸੇਵਾ ਕਰਨ ਦਾ ਰਾਹ ਦਿਖਾਉਂਦੇ ਹਨ।
Posted By: Daily Suraj Bureau