ਨਾਈਟਕਲੱਬ ਫਾਇਰ: ਸਹਿ ਮਾਲਕ ਨੇ ਜ਼ਮਾਨਤ ਲਈ ਅਦਾਲਤ ’ਚ ਕੀਤੀ ਅਰਜ਼ੀ
ਗੋਆ ਦੇ ‘ਬਿਰਚ ਬਾਇ ਰੋਮੀਓ ਲੇਨ’ ਨਾਈਟ ਕਲੱਬ ਦੇ ਚਾਰ ਸਹਿ-ਮਾਲਕਾਂ ਵਿਚੋਂ ਇਕ ਅਜੈ ਗੁਪਤਾ ਨੇ ਮਾਪੁਸਾ ਟਾਊਨ ਦੀ ਕੋਰਟ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਇਸ ਕਲੱਬ ਵਿਚ 6 ਦਸੰਬਰ ਦੀ ਅੱਧੀ ਰਾਤ ਨੂੰ ਲੱਗੀ ਅੱਗ ਵਿਚ 20 ਸਟਾਫ ਮੈਂਬਰਾਂ ਤੇ ਪੰਜ ਸੈਲਾਨੀਆਂ ਸਣੇ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਗੋਆ ਪੁਲੀਸ ਨੇ ਗੁਪਤਾ ਨੂੰ 10 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਮਾਪੁਸਾ ਦੀ ਅਦਾਲਤ ਨੇ ਉਸ ਨੂੰ ਸੱਤ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਗੁਪਤਾ, ਜੋ ਇਸ ਵੇਲੇ ਅੰਜੁਨਾ ਪੁਲੀਸ ਦੀ ਹਿਰਾਸਤ ਵਿੱਚ ਹੈ, ਨੇ ਮਾਪੁਸਾ ਦੇ ਜ਼ਿਲ੍ਹਾ ਜੱਜ ਅੱਗੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਹੈ। ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਗੋਆ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ।
ਹੁਣ ਤੱਕ ਇਸ ਮਾਮਲੇ ਵਿੱਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗੁਪਤਾ ਅਤੇ ਦੋ ਹੋਰ ਸਹਿ ਮਾਲਕ - ਗੌਰਵ ਲੂਥਰਾ ਅਤੇ ਉਸ ਦਾ ਭਰਾ ਸੌਰਭ ਲੂਥਰਾ ਸ਼ਾਮਲ ਹਨ, ਜਿਨ੍ਹਾਂ ਨੂੰ ਥਾਈਲੈਂਡ ਤੋਂ ਡਿਪੋਰਟ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਾਈਟ ਕਲੱਬ ਦੇ ਪੰਜ ਹੋਰ ਸਟਾਫਰਾਂ ਵਿੱਚ ਰਾਜੀਵ ਮੋਡਕ (ਕਾਰਪੋਰੇਟ ਜਨਰਲ ਮੈਨੇਜਰ), ਪ੍ਰਿਯਾਂਸ਼ੂ ਠਾਕੁਰ (ਗੇਟ ਮੈਨੇਜਰ), ਰਾਜਵੀਰ ਸਿੰਘਾਨੀਆ (ਬਾਰ ਮੈਨੇਜਰ), ਵਿਵੇਕ ਸਿੰਘ (ਜਨਰਲ ਮੈਨੇਜਰ) ਅਤੇ ਭਰਤ ਕਰਨ ਸਿੰਘ ਕੋਹਲੀ (ਕਰਮਚਾਰੀ) ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ ਨਾਈਟ ਕਲੱਬ ਦੇ ਇੱਕ ਹੋਰ ਮਾਲਕ ਸੁਰਿੰਦਰ ਕੁਮਾਰ ਖੋਸਲਾ, ਜੋ ਕਿ ਇੱਕ ਬ੍ਰਿਟਿਸ਼ ਨਾਗਰਿਕ ਹੈ, ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ।
Posted By: Daily Suraj Bureau