ਵਧਦੀਆਂ ਈਂਧਨ ਕੀਮਤਾਂ ਵਿਚਕਾਰ ਟਰੰਪ ਦਾ ਵੱਡਾ ਬਿਆਨ, ਫੈਡਰਲ ਗੈਸ ਟੈਕਸ ਮੁਅੱਤਲ ਕਰਨ ਦੇ ਹੱਕ ਵਿੱਚ
ਅਮਰੀਕਾ ਵਿੱਚ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੈਡਰਲ ਗੈਸ ਟੈਕਸ ਵਿੱਚ ਕਟੌਤੀ ਜਾਂ ਇਸ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਸਮਰਥਨ ਕੀਤਾ ਹੈ। ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ 18.4 ਸੈਂਟ ਪ੍ਰਤੀ ਗੈਲਨ ਫੈਡਰਲ ਗੈਸ ਟੈਕਸ ਘਟਾਉਣ ਦੇ ਹੱਕ ਵਿੱਚ ਹਨ। ਟਰੰਪ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਇਸ ਟੈਕਸ ਨੂੰ ਕੁਝ ਸਮੇਂ ਲਈ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਫੈਸਲੇ ਨੂੰ ਲਾਗੂ ਕਰਨ ਲਈ ਅਮਰੀਕੀ ਕਾਂਗਰਸ ਵੱਲੋਂ ਕਾਨੂੰਨ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਦੌਰਾਨ ਸੈਨੇਟਰ ਜੌਸ਼ ਹਾਲੇ ਨੇ ਵੀ 90 ਦਿਨਾਂ ਲਈ ਗੈਸ ਅਤੇ ਡੀਜ਼ਲ ਟੈਕਸ ਰੋਕਣ ਸਬੰਧੀ ਬਿੱਲ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਅਮਰੀਕਾ ਵਿੱਚ ਡੀਜ਼ਲ ’ਤੇ 24.4 ਸੈਂਟ ਪ੍ਰਤੀ ਗੈਲਨ ਟੈਕਸ ਲਾਗੂ ਹੈ। ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਇਰਾਨ ਯੁੱਧ ਅਤੇ ਸਟਰੇਟ ਆਫ ਹੌਰਮੂਜ਼ ਵਿੱਚ ਵਧਦਾ ਤਣਾਅ ਮੰਨਿਆ ਜਾ ਰਿਹਾ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਦੀ ਲਗਭਗ 20 ਫੀਸਦੀ ਤੇਲ ਸਪਲਾਈ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਮਰੀਕੀ ਮੋਟਰ ਕਲੱਬ ਮੁਤਾਬਕ ਸੋਮਵਾਰ ਤੱਕ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਤੱਕ ਪਹੁੰਚ ਗਈ, ਜੋ ਕਿ ਸਾਲ 2022 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਦੂਜੇ ਪਾਸੇ ਸੈਨੇਟਰ ਜੌਹਨ ਥੂਨ ਨੇ ਗੈਸ ਟੈਕਸ ਰੋਕਣ ਦੇ ਵਿਚਾਰ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਦੀ ਬਜਾਏ ਤੇਲ ਸਪਲਾਈ ਦੇ ਰਸਤੇ ਸੁਚਾਰੂ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੈਸ ਟੈਕਸ ਤੋਂ ਮਿਲਣ ਵਾਲੀ ਰਕਮ ਸੜਕਾਂ ਦੀ ਮੁਰੰਮਤ ਅਤੇ ਢਾਂਚਾਗਤ ਵਿਕਾਸ ਲਈ ਵਰਤੀ ਜਾਂਦੀ ਹੈ। ਇਸੇ ਵਿਚਕਾਰ ਕਈ ਅਮਰੀਕੀ ਰਾਜ ਵੀ ਲੋਕਾਂ ਨੂੰ ਵਧਦੀਆਂ ਈਂਧਨ ਕੀਮਤਾਂ ਤੋਂ ਰਾਹਤ ਦੇਣ ਲਈ ਆਪਣੇ ਪੱਧਰ ’ਤੇ ਪੈਟਰੋਲ ਟੈਕਸ ਘਟਾਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੇ ਹਨ।
Posted By: Daily Suraj Bureau