Daily Suraj

ਪੰਜਾਬੀ

ਏਅਰ ਟ੍ਰਾਂਸੈਟ 2026 ਵਿੱਚ ਕੈਨੇਡੀਅਨ ਯਾਤਰੀਆਂ ਲਈ ਨਵਾਂ ਲਾਇਲਟੀ ਪ੍ਰੋਗਰਾਮ ਲਾਂਚ ਕਰੇਗੀ

21 Jan, 2026 03:13 PM

ਓਟਵਾ ਕੈਨੇਡਾ ਦੀ ਪ੍ਰਮੁੱਖ ਲੀਜ਼ਰ ਏਅਰਲਾਈਨ ਏਅਰ ਟ੍ਰਾਂਸੈਟ ਨੇ ਐਲਾਨ ਕੀਤਾ ਹੈ ਕਿ ਉਹ 2026 ਦੇ ਦੂਜੇ ਅੱਧ ਵਿੱਚ ਕੈਨੇਡੀਅਨ ਯਾਤਰੀਆਂ ਲਈ ਇੱਕ ਨਵਾਂ ਲਾਇਲਟੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੇਂ ਪ੍ਰੋਗਰਾਮ ਲਈ ਏਅਰ ਟ੍ਰਾਂਸੈਟ ਨੇ ਡੇਜ਼ਜਾਰਡਿਨਜ਼ (Desjardins) ਅਤੇ ਵੀਜ਼ਾ (Visa) ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ।ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਐਲਾਨ parent company ਟ੍ਰਾਂਸੈਟ ਦੇ BonBon ਰਿਵਾਰਡ ਪ੍ਰੋਗਰਾਮ ਨੂੰ ਅਗਸਤ 2025 ਵਿੱਚ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਕੀਤਾ ਗਿਆ ਹੈ। ਨਵਾਂ ਲਾਇਲਟੀ ਪ੍ਰੋਗਰਾਮ ਗਾਹਕਾਂ ਲਈ ਫ਼ਾਇਦਿਆਂ ਨੂੰ “ਕਈ ਗੁਣਾ ਵਧਾਉਣ” ਅਤੇ ਯਾਤਰਾ ਦੇ ਕੁੱਲ ਅਨੁਭਵ ਨੂੰ ਹੋਰ ਆਕਰਸ਼ਕ ਬਣਾਉਣ ‘ਤੇ ਕੇਂਦਰਿਤ ਹੋਵੇਗਾ।ਟ੍ਰਾਂਸੈਟ ਦੇ ਮਾਰਕੀਟਿੰਗ ਅਤੇ ਡਿਸਟ੍ਰਿਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਜੈਵੀਅਰ ਸਜ਼ਵੇਂਗਲਰ ਨੇ ਕਿਹਾ ਕਿ ਡੇਜ਼ਜਾਰਡਿਨਜ਼ ਅਤੇ ਵੀਜ਼ਾ ਨਾਲ ਕੀਤੀ ਗਈ ਇਹ ਸਾਂਝੇਦਾਰੀ ਕੰਪਨੀ ਦੀ ਲੰਬੇ ਸਮੇਂ ਦੀ ਕਾਰੋਬਾਰੀ ਰਣਨੀਤੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਮੁਤਾਬਕ, ਇਹ ਕਦਮ ਗਾਹਕਾਂ ਨਾਲ ਰਿਸ਼ਤੇ ਮਜ਼ਬੂਤ ਕਰੇਗਾ ਅਤੇ ਨਿਵੇਸ਼ਕਾਂ ਲਈ ਵੀ ਟਿਕਾਊ ਮੁੱਲ ਪੈਦਾ ਕਰੇਗਾ।ਡੇਜ਼ਜਾਰਡਿਨਜ਼ ਗਰੁੱਪ ਦੀ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਨੈਥਲੀ ਲਾਰੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਨਵੀਂ ਕਿਸਮ ਦੀਆਂ ਕ੍ਰੈਡਿਟ ਕਾਰਡ ਸੇਵਾਵਾਂ ਵੀ ਲਾਂਚ ਕੀਤੀਆਂ ਜਾਣਗੀਆਂ। ਇਹ ਕਾਰਡ ਏਅਰ ਟ੍ਰਾਂਸੈਟ ਨਾਲ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਹੋਰ ਨਿੱਜੀ ਅਤੇ ਵਧੇਰੇ ਫ਼ਾਇਦੇ ਪ੍ਰਦਾਨ ਕਰਨਗੇ।ਉੱਥੇ ਹੀ, ਵੀਜ਼ਾ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਡੈਨ ਇਵਾਚੀਵ ਨੇ ਕਿਹਾ ਕਿ ਨਵੇਂ ਕਾਰਡ ਵੀਜ਼ਾ ਦੇ ਗਲੋਬਲ ਨੈੱਟਵਰਕ ਨਾਲ ਜੁੜੇ ਹੋਣਗੇ, ਜਿਸ ਨਾਲ ਗਾਹਕਾਂ ਨੂੰ ਸੁਰੱਖਿਅਤ, ਤੇਜ਼ ਅਤੇ ਆਸਾਨ ਭੁਗਤਾਨ ਦੀ ਸਹੂਲਤ ਮਿਲੇਗੀ।ਜ਼ਿਕਰਯੋਗ ਹੈ ਕਿ ਏਅਰ ਟ੍ਰਾਂਸੈਟ ਨੂੰ ਹੁਣ ਤੱਕ ਸੱਤ ਵਾਰ “ਦੁਨੀਆਂ ਦੀ ਸਰਵੋਤਮ ਲੀਜ਼ਰ ਏਅਰਲਾਈਨ” ਦਾ ਖਿਤਾਬ ਮਿਲ ਚੁੱਕਾ ਹੈ, ਅਤੇ ਨਵਾਂ ਲਾਇਲਟੀ ਪ੍ਰੋਗਰਾਮ ਕੰਪਨੀ ਦੀ ਇਸ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।

Posted By: Daily Suraj Bureau

Latest News